ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲੇ 'ਚ ਪਵਿੱਤਰ ਅਮਰਨਾਥ ਗੁਫਾ ਖੇਤਰ 'ਚ ਬੱਦਲ ਫੱਟਣ ਨਾਲ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ। ਕਈ ਸ਼ਰਧਾਲੂ ਫਸੇ ਹੋਏ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਬੱਦਲ ਫੱਟਣ ਕਾਰਨ ਆਏ ਹੜ੍ਹ ਵਿਚ ਘੱਟੋ-ਘੱਟ ਤਿੰਨ ਲੰਗਰ (ਕਮਿਊਨਿਟੀ ਰਸੋਈ) ਅਤੇ 25 ਯਾਤਰੀ ਟੈਂਟ ਵਹਿ ਗਏ। ਕਰੀਬ 40 ਸ਼ਰਧਾਲੂ ਲਾਪਤਾ ਹਨ। ਅਜਿਹੇ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਪ੍ਰਸ਼ਾਸਨ ਦੇ ਨਾਲ-ਨਾਲ NDRF ਅਤੇ SDRF ਦੀਆਂ ਟੀਮਾਂ ਰਾਹਤ ਕਾਰਜਾਂ 'ਚ ਲੱਗੀਆਂ ਹੋਈਆਂ ਹਨ। ਪੀਐਮ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਲਜੀ ਮਨੋਜ ਸਿਨਹਾ ਤੋਂ ਸਥਿਤੀ ਬਾਰੇ ਜਾਣਕਾਰੀ ਲਈ ਹੈ।
ਅਮਰਨਾਥ ਗੁਫਾ ਨੇੜੇ ਫੱਟਿਆ ਬੱਦਲ, 10 ਸ਼ਰਧਾਲੂਆਂ ਦੀ ਮੌਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ 'ਚ ਅਮਰਨਾਥ ਗੁਫਾ ਨੇੜੇ ਬੱਦਲ ਫਟਣ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਟਵੀਟ ਕੀਤਾ, 'ਜੰਮੂ-ਕਸ਼ਮੀਰ ਦੇ ਐਲਜੀ ਮਨੋਜ ਸਿਨਹਾ ਨਾਲ ਗੱਲ ਕੀਤੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਬਚਾਅ ਅਤੇ ਰਾਹਤ ਕਾਰਜ ਜਾਰੀ ਹਨ। ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕੀਤਾ, 'ਮੈਂ ਅਮਰਨਾਥ ਗੁਫਾ 'ਚ ਬੱਦਲ ਫਟਣ ਕਾਰਨ ਆਏ ਅਚਾਨਕ ਹੜ੍ਹ ਦੇ ਸਬੰਧ 'ਚ ਜੰਮੂ-ਕਸ਼ਮੀਰ ਦੇ ਐੱਲਜੀ ਮਨੋਜ ਸਿਨਹਾ ਨਾਲ ਗੱਲ ਕੀਤੀ ਹੈ। NDRF, SDRF, BSF ਅਤੇ ਸਥਾਨਕ ਪ੍ਰਸ਼ਾਸਨ ਬਚਾਅ ਕਾਰਜ ਚਲਾ ਰਹੇ ਹਨ। ਲੋਕਾਂ ਦੀ ਜਾਨ ਬਚਾਉਣਾ ਸਾਡੀ ਪਹਿਲ ਹੈ।
ਜੰਮੂ-ਕਸ਼ਮੀਰ ਦੇ LG ਮਨੋਜ ਸਿਨਹਾ ਨੇ ਟਵੀਟ ਕੀਤਾ ਕਿ NDRF, SDRF, BSF, ਫੌਜ, JKP ਅਤੇ ਸ਼ਰਾਈਨ ਬੋਰਡ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ ਹੈ। ਪ੍ਰਧਾਨ ਮੰਤਰੀ ਅਤੇ ਐਚ.ਐਮ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਸ਼ਰਧਾਲੂਆਂ ਨੂੰ ਹਰ ਤਰ੍ਹਾਂ ਦੀ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਮੈਂ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹਾਂ।
LG ਨੇ ਟਵੀਟ ਕੀਤਾ, 'ਸ਼੍ਰੀ ਅਮਰਨਾਥ ਜੀ ਦੀ ਪਵਿੱਤਰ ਗੁਫਾ ਖੇਤਰ 'ਚ ਬੱਦਲ ਫਟਣ ਦੀ ਮੰਦਭਾਗੀ ਘਟਨਾ 'ਚ ਕਈ ਜਾਨਾਂ ਗਈਆਂ ਹਨ। ਇਸ ਘਟਨਾ ਦਾ ਡੂੰਘਾ ਦੁੱਖ ਹੈ। ਮੈਂ ਦੁਖੀ ਪਰਿਵਾਰਾਂ ਪ੍ਰਤੀ ਦਿਲੀ ਹਮਦਰਦੀ ਪ੍ਰਗਟ ਕਰਦਾ ਹਾਂ। NDRF, SDRF, BSF, ਫੌਜ, JKP ਅਤੇ ਸ਼ਰਾਈਨ ਬੋਰਡ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ ਹੈ।
ਆਈਜੀਪੀ ਕਸ਼ਮੀਰ ਵਿਜੇ ਕੁਮਾਰ ਨੇ ਕਿਹਾ ਕਿ ਪਵਿੱਤਰ ਗੁਫਾ ਵਿੱਚ ਕੁਝ ਲੰਗਰ ਅਤੇ ਤੰਬੂ ਬੱਦਲ ਫੱਟਣ ਜਾਂ ਹੜ੍ਹ ਦੀ ਲਪੇਟ ਵਿੱਚ ਆ ਗਏ ਹਨ, ਜਿਸ ਵਿੱਚ 15 ਲੋਕਾਂ ਦੀ ਮੌਤ ਹੋ ਗਈ ਹੈ ਤੇ 40 ਲਾਪਤਾ ਹਨ। ਪੁਲਿਸ, NDRF ਅਤੇ SF ਵੱਲੋਂ ਬਚਾਅ ਕਾਰਜ ਜਾਰੀ ਹੈ, ਜ਼ਖਮੀਆਂ ਨੂੰ ਇਲਾਜ ਲਈ ਏਅਰਲਿਫਟ ਕੀਤਾ ਜਾ ਰਿਹਾ ਹੈ, ਸਥਿਤੀ ਕਾਬੂ ਹੇਠ ਹੈ।
ਇਸ ਦੇ ਨਾਲ ਹੀ ਪਹਿਲਗਾਮ ਦੇ ਸੰਯੁਕਤ ਪੁਲਿਸ ਕੰਟਰੋਲ ਰੂਮ ਨੇ ਦੱਸਿਆ ਕਿ ਸ਼ਾਮ ਕਰੀਬ 5.30 ਵਜੇ ਅਮਰਨਾਥ ਗੁਫਾ ਦੇ ਨੀਵੇਂ ਇਲਾਕਿਆਂ 'ਚ ਬੱਦਲ ਫਟਣ ਦੀ ਸੂਚਨਾ ਮਿਲੀ। NDRF, SDRF ਅਤੇ ਹੋਰ ਸਹਿਯੋਗੀ ਏਜੰਸੀਆਂ ਵੱਲੋਂ ਬਚਾਅ ਕਾਰਜ ਜਾਰੀ ਹੈ। ਆਈਟੀਬੀਪੀ ਨੇ ਕਿਹਾ ਕਿ ਉਪਰਲੇ ਇਲਾਕਿਆਂ ਵਿੱਚ ਭਾਰੀ ਮੀਂਹ ਤੋਂ ਬਾਅਦ ਗੁਫ਼ਾ ਦੇ ਉੱਪਰੋਂ ਪਾਣੀ ਆ ਗਿਆ। ਮੀਂਹ ਫਿਲਹਾਲ ਰੁਕ ਗਿਆ ਹੈ। ਬੱਦਲ ਫਟਣ ਕਾਰਨ ਅਮਰਨਾਥ ਧਾਮ ਦੇ ਕੁਝ ਲੰਗਰ ਪ੍ਰਭਾਵਿਤ ਹੋਏ ਹਨ। ਜ਼ਖਮੀਆਂ ਨੂੰ ਬਚਾਉਣ ਲਈ ਹੈਲੀਕਾਪਟਰ ਤਾਇਨਾਤ ਕੀਤਾ ਗਿਆ ਹੈ।
ਅਮਰਨਾਥ ਗੁਫਾ ਨੇੜੇ ਫੱਟਿਆ ਬੱਦਲ
ਇਸ ਦੇ ਨਾਲ ਹੀ NDRF ਦੇ ਡੀਜੀ ਅਤੁਲ ਕਰਵਲ ਨੇ ਕਿਹਾ, 'NDRF ਦੀ ਇੱਕ ਟੀਮ ਹਮੇਸ਼ਾ ਪਵਿੱਤਰ ਗੁਫਾ ਦੇ ਕੋਲ ਤਾਇਨਾਤ ਰਹਿੰਦੀ ਹੈ, ਇਸ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਇਕ ਹੋਰ ਟੀਮ ਤਾਇਨਾਤ ਕਰ ਦਿੱਤੀ ਗਈ ਹੈ ਅਤੇ ਇਕ ਹੋਰ ਟੀਮ ਅੱਗੇ ਵਧ ਰਹੀ ਹੈ। ਤਿੰਨ ਸ਼ਰਧਾਲੂਆਂ ਨੂੰ ਜ਼ਿੰਦਾ ਬਚਾ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਸ਼ਾਮ ਕਰੀਬ 5.30 ਵਜੇ ਬੱਦਲ ਫਟਣ ਦੀ ਸੂਚਨਾ ਮਿਲੀ। ਉੱਥੇ ਢਲਾਨ ਬਹੁਤ ਉੱਚੀ ਹੈ, ਇਸ ਲਈ ਪਾਣੀ ਬਹੁਤ ਤੇਜ਼ੀ ਨਾਲ ਆਉਂਦਾ ਹੈ। ਵਹਾਅ ਕਾਰਨ ਟੈਂਟਾਂ ਨੂੰ ਨੁਕਸਾਨ ਪਹੁੰਚਿਆ ਹੈ। ਉਮੀਦ ਹੈ ਕਿ ਰੁਖ ਹੋਰ ਘੱਟ ਜਾਵੇਗਾ ਪਰ ਅਸੀਂ ਕਿਸੇ ਵੀ ਸਥਿਤੀ ਲਈ ਤਿਆਰ ਹਾਂ। ਸਾਡੀਆਂ 3 ਟੀਮਾਂ ਵਿੱਚੋਂ, 2 ਰੁੱਝੀਆਂ ਹੋਈਆਂ ਹਨ। ਜੰਮੂ-ਕਸ਼ਮੀਰ ਪੁਲਿਸ, ਭਾਰਤੀ ਸੈਨਾ ਅਤੇ ਆਈਟੀਬੀਪੀ ਵੀ ਲੱਗੇ ਹੋਏ ਹਨ। ਅਸੀਂ ਕਿਸੇ ਵੀ ਸਥਿਤੀ ਲਈ ਤਿਆਰ ਰਹਾਂਗੇ।
ਅਮਰਨਾਥ ਗੁਫਾ ਨੇੜੇ ਫੱਟਿਆ ਬੱਦਲ
ਆਈਟੀਬੀਪੀ ਦੇ ਪੀਆਰਓ ਵਿਵੇਕ ਕੁਮਾਰ ਪਾਂਡੇ ਨੇ ਕਿਹਾ ਕਿ 'ਜ਼ਰੂਰੀ ਭੋਜਨ ਅਤੇ ਰੋਸ਼ਨੀ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਜੇਕਰ ਲੋੜ ਪਈ ਤਾਂ ਰਾਤ ਨੂੰ ਵੀ ਬਚਾਅ ਕਾਰਜ ਜਾਰੀ ਰਹੇਗਾ। ਉੱਤਰੀ ਫੌਜ ਕਮਾਨ ਵੱਲੋਂ ਦੱਸਿਆ ਗਿਆ ਕਿ 'ਭਾਰਤੀ ਫੌਜ ਨੇ ਹੇਠਲੇ ਅਮਰਨਾਥ ਗੁਫਾ ਵਾਲੀ ਥਾਂ 'ਤੇ ਬੱਦਲ ਫਟਣ ਨਾਲ ਪ੍ਰਭਾਵਿਤ ਇਲਾਕੇ 'ਚ ਯਾਤਰੀਆਂ ਦੀ ਮਦਦ ਲਈ ਫੌਜ ਦੇ ਹੈਲੀਕਾਪਟਰਾਂ ਸਮੇਤ 6 ਬਚਾਅ ਟੀਮਾਂ ਭੇਜੀਆਂ ਹਨ।'
ਇਹ ਵੀ ਪੜੋ:-ਜ਼ਮੀਨ ਖਿਸਕਣ ਕਾਰਨ ਜੰਮੂ-ਸ੍ਰੀਨਗਰ ਹਾਈਵੇਅ ਬੰਦ