ਨਵੀਂ ਦਿੱਲੀ— ਰਾਜਧਾਨੀ ਦਿੱਲੀ ਦੇ ਤੀਸ ਹਜ਼ਾਰੀ ਜ਼ਿਲਾ ਅਦਾਲਤ ਕੰਪਲੈਕਸ 'ਚ ਬੁੱਧਵਾਰ ਨੂੰ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ 2 ਵਕੀਲਾਂ ਦੇ ਆਪਸੀ ਝਗੜੇ ਤੋਂ ਬਾਅਦ ਗੋਲੀਬਾਰੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ ਕਿਸੇ ਨੂੰ ਵੀ ਗੋਲੀ ਨਹੀਂ ਲੱਗੀ। ਫਿਲਹਾਲ ਤੀਸ ਹਜ਼ਾਰੀ ਕੋਰਟ ਬਾਰ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਮਨੀਸ਼ ਸ਼ਰਮਾ ਨੇ ਬਾਰ ਸਕੱਤਰ ਅਤੁਲ ਸ਼ਰਮਾ ਦੇ ਦਫ਼ਤਰ ਬਾਹਰ ਗੋਲੀਬਾਰੀ ਕੀਤੀ ਹੈ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ:- ਇਸ ਦੌਰਾਨ ਹੀ ਗੱਲਬਾਤ ਕਰਦਿਆ ਡੀਸੀਪੀ ਸਾਗਰ ਸਿੰਘ ਕਲਸੀ ਦੱਸਿਆ ਕਿ ਇਹ ਗੋਲੀਬਾਰੀ ਦੀ ਘਟਨਾ ਅੱਜ ਬੁੱਧਵਾਰ ਨੂੰ ਦੁਪਹਿਰ 1:35 ਵਜੇ ਹੋਈ। ਜਿਸ ਦੀ ਸੂਚਨਾ ਮਿਲਣ ਉੱਤੇ ਦਿੱਲੀ ਪੁਲਿਸ ਟੀਮ ਮੌਕੇ ਉੱਤੇ ਪੁੱਜੀ ਤਾਂ ਕੋਰਟ ਵਿੱਚ ਵਕੀਲਾਂ ਦੇ 2 ਧੜਿਆਂ ਵਿੱਚ ਕਥਿਤ ਤੌਰ ਉੱਤੇ ਗੋਲੀਆਂ ਚਲਾਈਆਂ ਗਈਆਂ। ਫਿਲਹਾਲ ਇਸ ਗੋਲੀਬਾਰੀ ਦੌਰਾਨ ਕਿਸੇ ਦੇ ਵੀ ਜ਼ਖਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ।
ਡੀਸੀਪੀ ਸਾਗਰ ਸਿੰਘ ਕਲਸੀ ਨੇ ਕਿਹਾ ਕਿ ਪਤਾ ਲੱਗਾ ਹੈ ਕਿ ਐਡਵੋਕੇਟ ਮਨੀਸ਼ ਕੁਮਾਰ ਸ਼ਰਮਾ ਬਾਰ ਦੇ ਸੀਨੀਅਰ ਮੀਤ ਪ੍ਰਧਾਨ ਹਨ, ਜਦਕਿ ਐਡਵੋਕੇਟ ਅਤੁਲ ਕੁਮਾਰ ਸ਼ਰਮਾ ਬਾਰ ਦੇ ਸਕੱਤਰ ਹਨ। ਉਹਨਾਂ ਕਿਹਾ ਕਿ ਅਦਾਲਤ ਦੇ ਚੈਂਬਰ ਨੂੰ ਲੈ ਕੇ ਦੋਵਾਂ ਵਕੀਲਾਂ ਵਿੱਚ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ, ਜਿਸ ਤੋਂ ਬਾਅਦ ਅੱਜ ਦੋਵਾਂ ਨੇ ਇੱਕ ਦੂਜੇ 'ਤੇ ਗੋਲੀਆਂ ਚਲਾ ਦਿੱਤੀਆਂ। ਫਿਲਹਾਲ ਥਾਣਾ ਸਬਜ਼ੀ ਮੰਡੀ ਦੀ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਕੀਲਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਅਦਾਲਤ 'ਚ ਮੌਜੂਦ ਹੋਰ ਵਕੀਲਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਅਦਾਲਤ ਕੰਪਲੈਕਸ 'ਚ ਗੋਲੀਬਾਰੀ ਦਾ ਕਾਰਨ ਕੀ ਸੀ। ਪੁਲਿਸ ਮਾਮਲੇ ਵਿੱਚ ਸ਼ਾਮਲ ਵਕੀਲਾਂ ਖ਼ਿਲਾਫ਼ ਬਣਦੀ ਕਾਰਵਾਈ ਕਰੇਗੀ।
ਦਿੱਲੀ ਦੀਆਂ ਵੱਖ-ਵੱਖ ਅਦਾਲਤਾਂ ਦੀ ਸੁਰੱਖਿਆ:-ਇਸ ਘਟਨਾ ਤੋਂ ਪਹਿਲਾਂ ਅਦਾਲਤ ਦੀ ਸੁਰੱਖਿਆ ਲਈ ਏਐਸਆਈ ਪੱਧਰ ਦੇ ਪੁਲਿਸ ਮੁਲਾਜ਼ਮ ਤਾਇਨਾਤ ਸਨ। ਇਸ ਦੇ ਨਾਲ ਹੀ ਅਦਾਲਤ ਵਿੱਚ ਸਥਿਤ ਚੌਂਕੀ ਦਾ ਇੰਚਾਰਜ ਸਬ-ਇੰਸਪੈਕਟਰ ਪੱਧਰ ਦਾ ਪੁਲਿਸ ਮੁਲਾਜ਼ਮ ਸੀ। ਦਿੱਲੀ ਦੀਆਂ ਵੱਖ-ਵੱਖ ਅਦਾਲਤਾਂ ਦੀ ਸੁਰੱਖਿਆ ਦੀ ਗੱਲ ਕਰੀਏ ਤਾਂ ਇੱਥੋਂ ਦੀਆਂ ਸਾਰੀਆਂ ਜ਼ਿਲ੍ਹਾ ਅਦਾਲਤਾਂ ਵਿੱਚ ਇਸ ਸਮੇਂ ਕੁੱਲ 997 ਸੁਰੱਖਿਆ ਮੁਲਾਜ਼ਮ ਤਾਇਨਾਤ ਹਨ। ਇਸ ਵਿੱਚ 493 ਸੁਰੱਖਿਆ ਕਰਮਚਾਰੀ, 243 ਸੀਆਰਪੀਐਫ ਦੇ ਜਵਾਨ ਅਤੇ 261 ਦਿੱਲੀ ਪੁਲਿਸ ਦੇ ਕਰਮਚਾਰੀ ਸ਼ਾਮਲ ਹਨ।
ਪਹਿਲਾਂ ਵੀ ਹੋ ਚੁੱਕੀ ਹੈ ਅਦਾਲਤ ਦੇ ਕੰਪਲੈਕਸ ਵਿੱਚ ਫਾਇਰਿੰਗ:-ਜਾਣਕਾਰੀ ਅਨੁਸਾਰ ਦੱਸ ਦਈਏ ਕਿ ਇਹ ਗੋਲੀਬਾਰੀ ਦੀ ਕੋਈ ਨਹੀਂ ਨਵੀਂ ਘਟਨਾ ਨਹੀਂ ਹੈ। ਇਸ ਤੋਂ ਪਹਿਲਾ ਵੀ ਦਿੱਲੀ ਦੀ ਸਾਕੇਤ ਅਦਾਲਤ ਵਿੱਚ ਫਾਇਰਿੰਗ ਦੀ ਘਟਨਾ ਵਾਪਰੀ ਚੁੱਕੀ ਹੈ, ਜਿਸ ਦੌਰਾਨ ਇੱਕ ਮਹਿਲਾ ਵਕੀਲਾ ਉੱਤੇ ਗੋਲੀਆਂ ਨਾਲ ਹਮਲਾ ਕੀਤਾ ਗਿਆ ਸੀ। ਜਿਸ ਦੌਰਾਨ ਮਹਿਲਾ ਵਕੀਲ ਗੰਭੀਰ ਜ਼ਖਮੀ ਹੋ ਗਈ ਸੀ। ਇਸ ਗੋਲੀਬਾਰੀ ਦੌਰਾਨ ਦਿੱਲੀ ਦੇ ਕੋਰਟ ਕੰਪਲੈਕਸ ਵਿੱਚ ਭਗਦੜ ਮਚ ਗਈ ਸੀ। ਇਸ ਤੋਂ ਇਲਾਵਾ ਦਿੱਲੀ ਪੁਲਿਸ ਨੇ ਸਾਕਤੇ ਅਦਾਲਤ ਵਿੱਚ ਫਾਇਰਿੰਗ ਦੀ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਗੋਲੀਬਾਰੀ ਦੀ ਘਟਨਾ ਵਿੱਚ ਮਹਿਲਾ ਵਕੀਲ ਨਾਲ ਹਮਲਾਵਰ ਦੀ ਕੋਈ ਪੁਰਾਣੀ ਰੰਜ਼ਿਸ ਚੱਲ ਰਹੀ ਸੀ, ਜਿਸ ਕਰਕੇ ਹਮਲਾਵਰ ਨੇ ਮਹਿਲਾ ਵਕੀਲ ਉੱਤੇ ਕੋਰਟ ਵਿੱਚ ਗੋਲੀਆਂ ਨਾਲ ਹਮਲਾ ਕੀਤਾ ਸੀ। ਜਿਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆਂ ਉੱਤੇ ਖੂਬ ਵਾਇਰਲ ਹੋਈ ਸੀ।