ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਉਦਯੋਗ ਜਗਤ ਨੂੰ ਭਰੋਸਾ ਦਿੱਤਾ ਕਿ ਸਰਕਾਰ ਆਰਥਿਕ ਵਿਕਾਸ ਦੀ ਰਫਤਾਰ ਵਧਾਉਣ ਦੇ ਲਈ ਹਰ ਜਰੂਰੀ ਕਦਮ ਚੁੱਕਣ ਨੂੰ ਤਿਆਰ ਹੈ। ਇਸ ਸਾਲ ਏਅਰ ਇੰਡੀਆ, ਬੀਪੀਸੀਐਲ, ਸ਼ਿਪਿੰਗ ਕਾਪੋਰੇਸ਼ਨ ਆਫ ਇੰਡੀਆ, ਪਵਨ ਹੰਸ, ਬੀਈਐਮਐਲ ਅਤੇ ਨੀਲਾਂਚਲ ਇਸਪਾਤ ਉਦਯੋਗ ਨਿਗਮ ਲਿਮੀਟੇਡ ਦੇ ਨਿਜੀਕਰਣ ਦਾ ਟੀਚਾ ਰੱਖਿਆ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਉਹ ਇਸੇ ਹਰ ਹਾਲ ਚ ਪੂਰਾ ਕਰੇਗੀ।
ਉਦਯੋਗ ਸੰਗਠਨ ਸੀਆਈਆਈ ਦੀ ਸਾਲਾਨਾ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਤਾਰਮਨ ਨੇ ਕਿਹਾ ਕਿ ਕੋਵਿਡ -19 ਮਹਾਂਮਾਰੀ ਦੀ ਰੋਕਥਾਮ ਲਈ ਲਗਾਈਆਂ ਗਈਆਂ ਪਾਬੰਦੀਆਂ ਹਟਾਏ ਜਾਣ ਤੋਂ ਬਾਅਦ ਅਰਥ ਵਿਵਸਥਾ ਵਿੱਚ ਮੁੜ ਤੇਜੀ ਹੋਣ ਦੇ ਸੰਕੇਤ ਹਨ।
ਉਨ੍ਹਾਂ ਕਿਹਾ ਕਿ ਮੌਜੂਦਾ ਵਿੱਤੀ ਸਾਲ ਵਿੱਚ ਹੁਣ ਤੱਕ ਸਿੱਧੇ ਵਿਦੇਸ਼ੀ ਨਿਵੇਸ਼ (ਐਫਡੀਆਈ) ਵਿੱਚ 37 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਵਿਦੇਸ਼ੀ ਮੁਦਰਾ ਭੰਡਾਰ ਜੁਲਾਈ ਵਿੱਚ ਵਧ ਕੇ 620 ਅਰਬ ਡਾਲਰ ਹੋ ਗਿਆ।
ਵਿੱਤ ਮੰਤਰੀ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਸੁਧਾਰਾਂ ਲਈ ਵਚਨਬੱਧ ਹੈ। ਮਹਾਂਮਾਰੀ ਦੇ ਦੌਰਾਨ ਵੀ, ਸਰਕਾਰ ਦੁਆਰਾ ਸੁਧਾਰਾਂ ਨੂੰ ਅੱਗੇ ਲਿਜਾਇਆ ਗਿਆ। ਪਿਛਲੇ ਸਾਲ, ਕੇਂਦਰ ਨੇ ਖੇਤੀਬਾੜੀ ਕਾਨੂੰਨਾਂ ਅਤੇ ਕਿਰਤ ਸੁਧਾਰਾਂ ਨੂੰ ਅੱਗੇ ਵਧਾਇਆ।
ਉਨ੍ਹਾਂ ਨੇ ਉਦਯੋਗ ਨੂੰ ਅੱਗੇ ਆਉਣ ਅਤੇ ਅਰਥਵਿਵਸਥਾ ਵਿੱਚ ਨਿਵੇਸ਼ ਵਧਾਉਣ ਦਾ ਸੱਦਾ ਦਿੱਤਾ।
ਸੀਆਈਆਈ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ, ਨਿਵੇਸ਼ ਅਤੇ ਜਨਤਕ ਸੰਪਤੀ ਪ੍ਰਬੰਧਨ ਵਿਭਾਗ (ਦੀਪਮ) ਦੇ ਸਕੱਤਰ ਤੁਹਿਨ ਕਾਂਤ ਪਾਂਡੇ ਨੇ ਕਿਹਾ ਸੀ ਕਿ ਕੋਵਿਡ ਦੀ ਦੂਜੀ ਲਹਿਰ ਨਾਲ ਪ੍ਰਭਾਵਤ ਪੀਐਸਯੂਜ਼ ਦੀ ਵਿਨਿਵੇਸ਼ ਪ੍ਰਕਿਰਿਆ ਵਾਪਸ ਲੀਹ 'ਤੇ ਹੈ ਅਤੇ ਵਿਭਾਗ ਦਾ ਟੀਚਾ ਮਾਰਚ ਦੇ ਅੰਤ ਤੱਕ ਕਈ ਉੱਦਮਾਂ ਵਿੱਚ ਵਿਨਿਵੇਸ਼ ਪ੍ਰਕਿਰਿਆ ਪੂਰਾ ਕਰਨਾ ਹੈ।