ਪੁਡੂਚੇਰੀ: ਤਾਮਿਲਨਾਡੂ (Tamil Nadu) ਦੇ ਵਿਲੂਪੁਰਮ ਜ਼ਿਲ੍ਹੇ ਤੋਂ ਇੱਕ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਪੁਡੂਚੇਰੀ ਦਾ ਰਹਿਣ ਵਾਲਾ ਕਲਾਨੇਸਨ (32) ਅਤੇ ਉਸ ਦਾ ਪੁੱਤਰ (7) ਪਟਾਕਿਆਂ ਦੀਆਂ ਦੋ ਬੋਰੀਆਂ ਲੈ ਕੇ ਘਰ ਪਰਤ ਰਹੇ ਸਨ। ਅਚਾਨਕ ਰਸਤੇ ਦੇ ਵਿੱਚ ਪਟਾਕੇ ਫਟ ਗਏ ਜਿਸ ਕਾਰਨ ਪਿਓ-ਪੁੱਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਹ ਮੋਟਰਸਾਇਕਲ ਰਾਹੀਂ ਘਰ ਜਾ ਰਹੇ ਸਨ।
ਪੁਲਿਸ ਮੁਤਾਬਕ ਅਰੀਅਨਕੁੱਪਮ ਕਸਬੇ ਦਾ ਰਹਿਣ ਵਾਲਾ ਕਲਾਨੇਸਨ ਵੀਰਵਾਰ ਨੂੰ ਆਪਣੇ ਬੇਟੇ ਦੇ ਨਾਲ ਪਟਾਕਿਆਂ ਦੀਆਂ ਦੋ ਬੋਰੀਆਂ ਲੈ ਕੇ ਪੁਡੂਚੇਰੀ (Puducherry) ਪਰਤ ਰਿਹਾ ਸੀ। ਦੋਵੇਂ ਮੋਟਰਸਾਈਕਲ 'ਤੇ ਘਰ ਆ ਰਹੇ ਸਨ। ਤਾਮਿਲਨਾਡੂ ਦੇ ਵਿਲੂਪੁਰਮ ਜ਼ਿਲੇ 'ਚ ਸਥਿਤ ਕੋਟਕੱਪਮ ਨੇੜੇ ਪਹੁੰਚਣ 'ਤੇ ਅਚਾਨਕ ਪਟਾਕਿਆਂ ਨੂੰ ਅੱਗ ਲੱਗ ਗਈ। ਜਿਸ ਤੋਂ ਬਾਅਦ ਪਟਾਕਿਆਂ ਦਾ ਜ਼ਬਰਦਸਤ ਧਮਾਕਾ ਹੋਇਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਪਿਤਾ-ਪੁੱਤਰ ਦੀਆਂ ਲਾਸ਼ਾਂ ਦੇ ਚਿੱਥੜੇ ਉੱਡ ਗਏ। ਸੜਕ 'ਤੇ ਜਾ ਰਹੇ ਦੋ ਹੋਰ ਵਿਅਕਤੀ ਵੀ ਇਸ ਦੀ ਲਪੇਟ 'ਚ ਆ ਕੇ ਜ਼ਖਮੀ ਹੋ ਗਏ। ਇਸ ਘਟਨਾ ਵਿੱਚ ਹੋਰ ਵਾਹਨ ਵੀ ਨੁਕਸਾਨੇ ਗਏ। ਘਟਨਾ ਤੋਂ ਬਾਅਦ ਸੜਕ 'ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।