ਧੀ ਨੂੰ ਸਹੁਰਾ ਪਰਿਵਾਰ ਦੀ ਤਸ਼ੱਦਦ ਤੋਂ ਬਚਾਉਣ ਲਈ ਪਿਤਾ ਵਲੋਂ ਅਨੋਖਾ ਕਦਮ
ਰਾਂਚੀ: ਝਾਰਖੰਡ ਦੇ ਰਾਂਚੀ 'ਚ ਆਯੋਜਿਤ ਵਿਆਹ ਦੀ ਬਰਾਤ ਕਾਫੀ ਚਰਚਾ 'ਚ ਹੈ। ਇੱਥੇ ਖਾਸ ਦੱਸ ਦਈਏ ਕਿ ਇਸ ਬਰਾਤ ਵਿੱਚ ਲਾੜਾ ਨਹੀਂ ਹੈ, ਸਿਰਫ਼ ਲਾੜੀ ਹੈ ਜਿਸ ਦਾ ਵਿਆਹ ਤਾਂ ਕਰੀਬ ਸਾਲ ਪਹਿਲਾਂ ਹੀ ਹੋ ਚੁੱਕਾ ਹੈ। ਹੁਣ ਤੁਸੀ ਹੈਰਾਨ ਹੋਵੋਗੇ ਕਿ ਇਹ ਕੀ ਕਹਾਣੀ ਹੈ? ਸੋ ਢੋਲ-ਢੱਮਕੇ ਤੇ ਪਟਾਕੇ ਵਜਾਉਂਦੇ ਹੋਏ ਇੱਕ ਪਿਤਾ ਆਪਣੀ ਧੀ ਦੇ ਸਹੁਰੇ ਘਰ ਪਹੁੰਚਿਆਂ, ਜਿੱਥੋ ਪਿਤਾ ਅਪਣੀ ਧੀ ਨੂੰ ਆਪਣੇ ਘਰ ਯਾਨੀ ਪੇਕੇ ਘਰ ਹੀ ਵਾਪਸ ਲੈ ਕੇ ਆ ਗਏ। ਇਹ ਬਰਾਤ ਪਿਤਾ ਵਲੋਂ ਕੱਢੀ ਗਈ ਜਿਸ ਵਿੱਚ ਉਨ੍ਹਾਂ ਨੇ ਅਪਣੀ ਧੀ ਦੀ ਸਹੁਰੇ ਘਰੋਂ ਵਿਦਾਈ ਕਰਵਾਈ, ਉਹ ਵੀ ਪੂਰਾ ਗੱਜ-ਵੱਜ ਕੇ। ਦਰਅਸਲ, ਧੀ ਨੂੰ ਸਹੁਰਾ ਪਰਿਵਾਰ ਵਲੋਂ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਤੋਂ ਬਚਾਉਣ ਲਈ ਪਿਤਾ ਨੇ ਅਜਿਹਾ ਕਦਮ ਚੁੱਕਿਆ ਅਤੇ ਧੀ ਨੂੰ ਜਿਵੇਂ ਵਿਆਹ ਕਰਕੇ ਤੋਰਿਆ ਸੀ, ਉੰਝ ਹੀ ਵਾਪਸ ਆਪਣੇ ਘਰ ਲੈ ਆਉਂਦਾ।
ਪਿਤਾ ਪ੍ਰੇਮ ਗੁਪਤਾ ਨੇ ਸੋਮਵਾਰ ਨੂੰ ਆਪਣੇ ਫੇਸਬੁੱਕ ਅਕਾਊਂਟ 'ਤੇ 15 ਅਕਤੂਬਰ ਨੂੰ ਕੱਢੀ ਗਈ ਇਸ ਬਰਾਤ ਦੀ ਵੀਡੀਓ ਪੋਸਟ ਕੀਤੀ ਅਤੇ ਲਿਖਿਆ-
ਲੋਕ ਆਪਣੀਆਂ ਧੀਆਂ ਦਾ ਵਿਆਹ ਬਹੁਤ ਚਾਅ ਅਤੇ ਧੂਮ-ਧਾਮ ਨਾਲ ਕਰਦੇ ਹਨ, ਪਰ ਜੇਕਰ ਪਤੀ ਅਤੇ ਉਸ ਦਾ ਪਰਿਵਾਰ ਗ਼ਲਤ ਨਿਕਲੇ ਜਾਂ ਗ਼ਲਤ ਕੰਮ ਕਰਨ, ਤਾਂ ਤੁਹਾਨੂੰ ਆਪਣੀ ਧੀ ਨੂੰ ਇੱਜ਼ਤ ਨਾਲ ਆਪਣੇ ਘਰ ਵਾਪਸ ਲਿਆਉਣਾ ਚਾਹੀਦਾ ਹੈ, ਕਿਉਂਕਿ ਧੀਆਂ ਹਰ ਪਰਿਵਾਰ ਲਈ ਬਹੁਤ ਕੀਮਤੀ ਹੁੰਦੀਆਂ ਹਨ। - ਪ੍ਰੇਮ ਗੁਪਤਾ, ਸਾਕਸ਼ੀ ਦਾ ਪਿਤਾ
ਸਾਲ ਪਹਿਲਾਂ ਕੀਤਾ ਸੀ ਧੀ ਦਾ ਵਿਆਹ: ਪ੍ਰੇਮ ਗੁਪਤਾ, ਜੋ ਰਾਂਚੀ ਦੇ ਕੈਲਾਸ਼ ਨਗਰ ਕੁਮਹਾਰਟੋਲੀ ਦਾ ਰਹਿਣ ਵਾਲੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 28 ਅਪ੍ਰੈਲ 2022 ਨੂੰ ਬੜੀ ਧੂਮ-ਧਾਮ ਨਾਲ ਉਨ੍ਹਾਂ ਨੇ ਆਪਣੀ ਧੀ ਸਾਕਸ਼ੀ ਗੁਪਤਾ ਦਾ ਵਿਆਹ ਸਚਿਨ ਕੁਮਾਰ ਨਾਂਅ ਦੇ ਨੌਜਵਾਨ ਨਾਲ ਕੀਤਾ। ਉਹ ਝਾਰਖੰਡ ਬਿਜਲੀ ਵੰਡ ਨਿਗਮ ਵਿੱਚ ਸਹਾਇਕ ਇੰਜੀਨੀਅਰ ਵਜੋਂ ਕੰਮ ਕਰ ਰਿਹਾ ਹੈ ਅਤੇ ਸਰਵੇਸ਼ਵਰੀ ਨਗਰ, ਰਾਂਚੀ ਦਾ ਵਸਨੀਕ ਹੈ।
ਲੜਕੇ ਦੇ ਪਹਿਲਾਂ ਵੀ ਹੋ ਚੁੱਕੇ ਸੀ 2 ਵਿਆਹ:ਪਿਤਾ ਪ੍ਰੇਮ ਗੁਪਤਾ ਨੇ ਆਪਣੀ ਧੀ ਸਾਕਸ਼ੀ ਦੇ ਸਹੁਰਾ ਪਰਿਵਾਰ ਉੱਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਧੀ ਨੂੰ ਉਸ ਦੇ ਸਹੁਰਾ ਪਰਿਵਾਰ ਨੇ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਹਰ ਵਾਰ ਉਸ ਦਾ ਪਤੀ ਸਾਕਸ਼ੀ ਨੂੰ ਘਰੋਂ ਕੱਢ ਦਿੰਦਾ ਸੀ। ਕਰੀਬ ਇਕ ਸਾਲ ਬਾਅਦ ਸਾਕਸ਼ੀ ਨੂੰ ਪਤਾ ਲੱਗਾ ਕਿ ਜਿਸ ਵਿਅਕਤੀ ਨਾਲ ਉਸ ਦਾ ਵਿਆਹ ਹੋਇਆ ਹੈ, ਉਹ ਪਹਿਲਾਂ ਵੀ ਦੋ ਵਾਰ ਵਿਆਹ ਕਰ ਚੁੱਕਾ ਹੈ। ਇਹ ਪਤਾ ਲੱਗਣ ਤੋਂ ਬਾਅਦ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਸਾਕਸ਼ੀ ਨੇ ਕਿਹਾ ਕਿ, ਸਭ ਕੁਝ ਜਾਣਨ ਦੇ ਬਾਵਜੂਦ ਮੈਂ ਹਿੰਮਤ ਨਹੀਂ ਹਾਰੀ ਅਤੇ ਕਿਸੇ ਤਰ੍ਹਾਂ ਰਿਸ਼ਤਾ ਬਚਾਉਣ ਦੀ ਕੋਸ਼ਿਸ਼ ਕੀਤੀ। ਪਰ, ਜਦੋਂ ਉਸ ਨੂੰ ਲੱਗਾ ਕਿ ਸ਼ੋਸ਼ਣ ਅਤੇ ਪਰੇਸ਼ਾਨੀ ਦੇ ਚੱਲਦੇ ਪਤੀ ਨਾਲ ਰਹਿਣਾ ਮੁਸ਼ਕਲ ਹੈ, ਤਾਂ ਉਸ ਨੇ ਰਿਸ਼ਤੇ ਦੀ ਕੈਦ ਤੋਂ ਬਾਹਰ ਨਿਕਲਣ ਦਾ ਫੈਸਲਾ ਕੀਤਾ।
ਖੁਸ਼ੀ-ਖੁਸ਼ੀ ਪਰਿਵਾਰ ਨੇ ਧੀ ਨੂੰ ਲਿਆਂਦਾ ਘਰ: ਸਾਕਸ਼ੀ ਦੇ ਪਿਤਾ ਅਤੇ ਨਾਨਕੇ ਪਰਿਵਾਰ ਨੇ ਵੀ ਉਸ ਦੇ ਫੈਸਲੇ ਨੂੰ ਮਨਜ਼ੂਰੀ ਦਿੱਤੀ ਅਤੇ ਉਸ ਦੇ ਸਹੁਰੇ ਘਰ ਤੋਂ ਢੋਲ ਤੇ ਪਟਾਕੇ ਵਜਾਉਂਦੇ ਹੋਏ ਆਪਣੀ ਧੀ ਨੂੰ ਖੁਸ਼ੀ-ਖੁਸ਼ੀ ਘਰ ਵਾਪਸ ਲੈ ਆਏ। ਪ੍ਰੇਮ ਗੁਪਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਕਦਮ ਇਸ ਖੁਸ਼ੀ 'ਚ ਚੁੱਕਿਆ ਕਿ ਉਨ੍ਹਾਂ ਦੀ ਬੇਟੀ ਸ਼ੋਸ਼ਣ ਤੋਂ ਮੁਕਤ ਹੈ। ਸਾਕਸ਼ੀ ਨੇ ਤਲਾਕ ਲਈ ਕੋਰਟ 'ਚ ਕੇਸ ਦਾਇਰ ਕੀਤਾ ਹੈ। ਲੜਕੇ ਨੇ ਗੁਜ਼ਾਰਾ ਭੱਤਾ ਦੇਣ ਦੀ ਗੱਲ ਕਹੀ ਹੈ। ਤਲਾਕ ਨੂੰ ਜਲਦੀ ਹੀ ਕਾਨੂੰਨੀ ਤੌਰ 'ਤੇ ਮਨਜ਼ੂਰੀ ਮਿਲਣ ਦੀ ਉਮੀਦ ਹੈ। (ਇਨਪੁਟ- IANS)