ਨਵੀਂ ਦਿੱਲੀ: ਭਾਰਤੀ ਹਵਾਈ ਸੈਨਾ ਦੀ ਇੱਕ ਅਜਿਹੀ ਤਸਵੀਰ ਸਾਹਮਣੇ ਆਈ ਹੈ, ਜਿਸ ਦੀ ਪੂਰੇ ਦੇਸ਼ ਵਿੱਚ ਚਰਚਾ ਹੋ ਰਹੀ ਹੈ। ਪਿਓ-ਧੀ ਨੇ ਮਿਲ ਕੇ ਲੜਾਕੂ ਜਹਾਜ਼ ਉਡਾਇਆ। ਫਲਾਇੰਗ ਅਫਸਰ ਅਨੰਨਿਆ ਸ਼ਰਮਾ ਨੇ ਆਪਣੇ ਪਿਤਾ ਏਅਰ ਕਮੋਡੋਰ ਸੰਜੇ ਸ਼ਰਮਾ ਨਾਲ ਹਾਕ-132 (Hawk-132) ਜਹਾਜ਼ ਨੂੰ ਉਡਾਇਆ। ਉਹ ਭਾਰਤ ਦੀ ਪਹਿਲੀ ਮਹਿਲਾ ਲੜਾਕੂ ਪਾਇਲਟ ਬਣੀ ਜਿਸ ਨੇ ਆਪਣੇ ਪਿਤਾ ਨਾਲ ਲੜਾਕੂ ਜਹਾਜ਼ ਉਡਾਇਆ।
ਇਹ ਉਡਾਣ 30 ਮਈ ਨੂੰ ਭਰੀ ਗਈ ਸੀ। ਭਾਰਤੀ ਹਵਾਈ ਸੈਨਾ ਨੇ ਦੱਸਿਆ ਕਿ ਦੋਵਾਂ ਨੇ ਕਰਨਾਟਕ ਦੇ ਬਿਦਰ 'ਚ ਹਾਕ-132 ਜਹਾਜ਼ ਤੋਂ ਉਡਾਣ ਭਰੀ ਸੀ। ਹੁਣ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਅਨੰਨਿਆ 2016 ਤੋਂ ਲੜਾਕੂ ਪਾਇਲਟ ਹੈ। ਉਸਨੇ ਇਲੈਕਟ੍ਰਾਨਿਕਸ ਅਤੇ ਸੰਚਾਰ ਵਿੱਚ ਬੀ.ਟੈਕ ਪੂਰਾ ਕੀਤਾ। ਇਸ ਤੋਂ ਬਾਅਦ ਉਸ ਨੇ ਲੜਾਕੂ ਜਹਾਜ਼ ਦੀ ਸਿਖਲਾਈ ਲਈ। ਉਸ ਨੂੰ ਦਸੰਬਰ 2021 ਵਿੱਚ ਇੱਕ ਲੜਾਕੂ ਪਾਇਲਟ ਵਜੋਂ ਕਮਿਸ਼ਨ ਦਿੱਤਾ ਗਿਆ ਸੀ। ਉਸ ਦੇ ਪਿਤਾ ਸੰਜੇ ਸ਼ਰਮਾ ਨੂੰ 1989 ਵਿੱਚ ਲੜਾਕੂ ਧਾਰਾ ਵਿੱਚ ਕਮਿਸ਼ਨ ਮਿਲਿਆ ਸੀ।
ਦੱਸ ਦੇਈਏ ਕਿ 2015 ਵਿੱਚ ਭਾਰਤ ਸਰਕਾਰ ਨੇ ਭਾਰਤੀ ਹਵਾਈ ਸੈਨਾ ਵਿੱਚ ਮਹਿਲਾ ਲੜਾਕੂ ਪਾਇਲਟਾਂ ਨੂੰ ਸ਼ਾਮਲ ਕਰਨ ਦੀ ਮਨਜ਼ੂਰੀ ਦਿੱਤੀ ਸੀ। ਇਸ ਤੋਂ ਪਹਿਲਾਂ ਔਰਤਾਂ ਹਵਾਈ ਸੈਨਾ ਵਿੱਚ ਹੈਲੀਕਾਪਟਰ ਅਤੇ ਟਰਾਂਸਪੋਰਟ ਏਅਰਕ੍ਰਾਫਟ ਉਡਾਉਂਦੀਆਂ ਰਹੀਆਂ ਹਨ।
ਇਹ ਵੀ ਪੜ੍ਹੋ:ਸਕੂਲ 'ਚ ਘੱਟ ਗਿਣਤੀ ਬੱਚੇ ਵਧੇ, ਹੱਥ ਜੋੜ ਕੇ ਪ੍ਰਾਥਨਾ ਹੋਈ ਬੰਦ, ਸਿੱਖਿਆ ਵਿਭਾਗ ਨੇ ਮਾਮਲਾ ਗੰਭੀਰਤਾ ਨਾਲ ਲਿਆ