ਸ਼੍ਰੀਨਗਰ:ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਡਾਕਟਰ ਫਾਰੂਕ ਅਬਦੁੱਲਾ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਕਸ਼ਮੀਰ ਮੁੱਦੇ ਨੂੰ ਗੱਲਬਾਤ ਰਾਹੀਂ ਹੱਲ ਨਹੀਂ ਕਰਦੇ ਤਾਂ ਕਸ਼ਮੀਰੀਆਂ ਦਾ ਵੀ ਉਹੀ ਹਾਲ ਹੋਵੇਗਾ ਜਿਸ ਤਰ੍ਹਾਂ ਗਾਜ਼ਾ 'ਚ ਫਿਲਸਤੀਨੀਆਂ ਦਾ ਹੋਇਆ ਹੈ।
ਸ੍ਰੀਨਗਰ ਵਿੱਚ ਐਨਸੀ ਦੇ ਨਵਾ-ਏ-ਸੁਬ ਦਫ਼ਤਰ ਵਿੱਚ ਮੀਡੀਆ ਨਾਲ ਗੱਲ ਕਰਦਿਆਂ ਅਬਦੁੱਲਾ ਨੇ ਇੱਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਨੂੰ ਕਸ਼ਮੀਰ ਮੁੱਦੇ ’ਤੇ ਗੱਲਬਾਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਗੱਲਬਾਤ ਕਰਨ ਲਈ ਤਿਆਰ ਨਹੀਂ ਹੈ, ਜਦਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਨਵਾਜ਼ ਸ਼ਰੀਫ ਨੇ ਵੀ ਗੱਲਬਾਤ ਦੀ ਲੋੜ 'ਤੇ ਜ਼ੋਰ ਦਿੱਤਾ ਹੈ।
ਅਬਦੁੱਲਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਸਲਾਹ ਮੰਨਣੀ ਚਾਹੀਦੀ ਹੈ, ਜਿਨ੍ਹਾਂ ਨੇ ਕਿਹਾ ਸੀ ਕਿ ਭਾਰਤ ਆਪਣੇ ਦੋਸਤ ਬਦਲ ਸਕਦਾ ਹੈ, ਪਰ ਆਪਣੇ ਗੁਆਂਢੀ ਨਹੀਂ। ਫਾਰੂਕ ਨੇ ਇਹ ਵੀ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਿਹਾ ਹੈ ਕਿ ਮੁੱਦਿਆਂ ਨੂੰ ਗੱਲਬਾਤ ਰਾਹੀਂ ਹੱਲ ਕੀਤਾ ਜਾ ਸਕਦਾ ਹੈ ਨਾ ਕਿ ਜੰਗ ਨਾਲ, ਪਰ ਗੱਲਬਾਤ ਕਿੱਥੇ ਹੈ?
ਅਬਦੁੱਲਾ ਨੇ ਇਹ ਵੀ ਕਿਹਾ ਕਿ ਨਵਾਜ਼ ਸ਼ਰੀਫ ਦੇ ਅਗਲੇ ਪਾਕਿਸਤਾਨੀ ਪ੍ਰਧਾਨ ਮੰਤਰੀ ਬਣਨ ਦੀ ਸੰਭਾਵਨਾ ਹੈ ਅਤੇ ਉਹ ਵਾਰ-ਵਾਰ ਗੱਲਬਾਤ ਦੀ ਮੰਗ ਕਰ ਰਹੇ ਹਨ, ਪਰ ਸਰਕਾਰ ਗੱਲ ਕਿਉਂ ਨਹੀਂ ਕਰ ਰਹੀ ਹੈ? ਸਰਹੱਦੀ ਜ਼ਿਲ੍ਹੇ ਪੁਣਛ ਵਿੱਚ ਫੌਜ ਵੱਲੋਂ ਹਿਰਾਸਤ ਵਿੱਚ ਲਏ ਤਿੰਨ ਨਾਗਰਿਕਾਂ ਦੀ ਕਥਿਤ ਤੌਰ ’ਤੇ ਹੱਤਿਆ ਬਾਰੇ ਅਬਦੁੱਲਾ ਨੇ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਜਾਂ ਫੌਜੀ ਅਧਿਕਾਰੀਆਂ ਦੀ ਅਦਲਾ-ਬਦਲੀ ਕਰਨ ਨਾਲ ਨਿਆਂ ਨਹੀਂ ਮਿਲੇਗਾ ਕਿਉਂਕਿ ਦੋਸ਼ੀਆਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਪੁੰਛ ਜ਼ਿਲੇ ਦੇ ਸੁਰੰਕੋਟ ਦੇ ਤੋਪਾ ਪੀਰ ਇਲਾਕੇ 'ਚ ਅੱਤਵਾਦੀਆਂ ਨੇ ਫੌਜ 'ਤੇ ਹਮਲਾ ਕਰਕੇ ਤਿੰਨ ਜਵਾਨਾਂ ਨੂੰ ਮਾਰ ਦਿੱਤਾ ਸੀ। ਹਮਲੇ ਤੋਂ ਬਾਅਦ, ਫੌਜ ਨੇ 15 ਤੋਂ ਵੱਧ ਸਥਾਨਕ ਨਿਵਾਸੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਕਥਿਤ ਤੌਰ 'ਤੇ ਕੁੱਟਿਆ, ਜਿਸ ਨਾਲ ਉਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ। ਪੁਲਸ ਨੇ ਇਸ ਘਟਨਾ 'ਚ ਅਣਪਛਾਤੇ ਲੋਕਾਂ ਖਿਲਾਫ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਹੈ, ਜਦਕਿ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਵੀ ਕੀਤਾ ਹੈ।