ਚੰਡੀਗੜ੍ਹ: ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਕਿਸਾਨ ਅੰਦੋਲਨ ਦੇ ਅੱਜ (ਮੰਗਲਵਾਰ) 11 ਮਹੀਨੇ ਪੂਰੇ ਹੋ ਗਏ ਹਨ, ਪਰ ਕੇਂਦਰ ਸਰਕਾਰ ਤੇ ਕਿਸਾਨਾਂ ਦਰਮਿਆਨ ਅਜੇ ਵੀ ਕੋਈ ਹੱਲ ਨਹੀਂ ਨਿਕਲਿਆ ਹੈ। ਇਸੇ ਦੇ ਤਹਿਤ ਕਿਸਾਨ ਅੱਜ ਦੇਸ਼ ਭਰ 'ਚ 3 ਘੰਟਿਆਂ ਲਈ ਧਰਨਾ ਪ੍ਰਦਰਸ਼ਨ ਕਰਨਗੇ।
ਇਸੇ ਕੜੀ ਵਿੱਚ ਕਿਸਾਨ ਆਗੂ ਹੁਣ ਇੱਕ ਵਾਰ ਫਿਰ ਲਖੀਮਪੁਰ ਖੀਰੀ ਕਾਂਡ (Lakhimpur incident case) ਬਾਰੇ ਕਿਸਾਨਾਂ ਨੂੰ ਸੁਚੇਤ ਕਰ ਰਹੇ ਹਨ। ਲਖੀਮਪੁਰ ਹਿੰਸਾ ਮਾਮਲੇ 'ਚ ਕੇਂਦਰੀ ਰਾਜ ਮੰਤਰੀ ਦੀ ਗ੍ਰਿਫ਼ਤਾਰੀ ਨਾ ਹੋਣ ਦਾ ਵੀ ਵਿਰੋਧ ਜਤਾਇਆ ਜਾਵੇਗਾ।
ਇਸ ਦੌਰਾਨ ਕਿਸਾਨਾਂ ਨੇ ਲਖੀਮਪੁਰ ਖੀਰੀ ਕਾਂਡ ਦੇ ਮੁੱਖ ਦੋਸ਼ੀ ਅਜੈ ਮਿਸ਼ਰਾ ਦੇ ਪਿਤਾ ਅਜੈ ਮਿਸ਼ਰਾ ਨੂੰ ਗ੍ਰਹਿ ਰਾਜ ਮੰਤਰੀ ਦੇ ਅਹੁਦੇ ਤੋਂ ਹਟਾਉਣ, ਅਜੈ ਮਿਸ਼ਰਾ ਦੀ ਗ੍ਰਿਫ਼ਤਾਰੀ ਅਤੇ ਸੁਪਰੀਮ ਕੋਰਟ ਦੀ ਨਿਗਰਾਨੀ ਚ ਘਟਨਾ ਦੀ ਜਾਂਚ ਦੀ ਮੰਗ ਨੂੰ ਲੈ ਕੇ ਦੇਸ਼ਭਰ ਚ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਰੋਸ ਪ੍ਰਦਰਸ਼ਨ ਕਰਨਗੇ। ਇਨ੍ਹਾਂ ਮੰਗਾਂ ਨੂੰ ਲੈ ਕੇ ਕਿਸਾਨ ਮੋਰਚਾ ਵੱਲੋਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਮੰਗ ਪੱਤਰ ਭੇਜਿਆ ਜਾਵੇਗਾ।
ਰਾਸ਼ਟਰਪਤੀ ਕੋਵਿੰਦ ਨੂੰ ਦਿੱਤੇ ਮੰਗ ਪੱਤਰ ਵਿੱਚ ਲਿਖਿਆ ਗਿਆ ਹੈ ਕਿ 3 ਅਕਤੂਬਰ, 2021 ਨੂੰ ਲਖੀਮਪੁਰ ਖੀਰੀ ਕਿਸਾਨ ਕਤਲੇਆਮ (ਜਿਸ ਤੋਂ ਬਾਅਦ 3 ਹਫ਼ਤਿਆਂ ਤੋਂ ਵੱਧ ਸਮਾਂ ਬੀਤ ਗਿਆ ਹੈ) ਵਿੱਚ ਜਿਸ ਤਰੀਕੇ ਨਾਲ ਜਾਂਚ ਕੀਤੀ ਜਾ ਰਹੀ ਹੈ, ਉਸ ਤੋਂ ਪੂਰਾ ਦੇਸ਼ ਨਿਰਾਸ਼ ਅਤੇ ਗੁੱਸੇ ਵਿੱਚ ਹੈ। ਇਸ ਘਟਨਾ ਨੂੰ ਲੈ ਕੇ ਸੁਪਰੀਮ ਕੋਰਟ ਪਹਿਲਾਂ ਹੀ ਕਈ ਪ੍ਰਤੀਕੂਲ ਟਿੱਪਣੀਆਂ ਕਰ ਚੁੱਕੀ ਹੈ।
ਇਸ ਤੋਂ ਇਲਾਵਾ ਮੰਗ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਮਹੱਤਵਪੂਰਨ ਗੱਲ ਇਹ ਹੈ ਕਿ ਦੇਸ਼ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਦੀ ਨੈਤਿਕਤਾ ਦੀ ਘਾਟ ਤੋਂ ਦੁਖੀ ਹੈ, ਜਿੱਥੇ ਅਜੇ ਮਿਸ਼ਰਾ ਮੰਤਰੀ ਮੰਡਲ ਵਿੱਚ ਰਾਜ ਮੰਤਰੀ ਬਣੇ ਹੋਏ ਹਨ। ਦਿਨ ਦਿਹਾੜੇ ਕਿਸਾਨਾਂ ਦੇ ਕਤਲ ਦੀ ਘਟਨਾ ਵਿੱਚ ਵਰਤੀ ਗਈ ਗੱਡੀ ਮੰਤਰੀ ਦੀ ਹੈ। ਮੰਤਰੀ 3 ਅਕਤੂਬਰ, 2021 ਤੋਂ ਪਹਿਲਾਂ ਦੇ ਘੱਟੋ-ਘੱਟ ਤਿੰਨ ਵੀਡੀਓਜ਼ ਵਿੱਚ ਰਿਕਾਰਡ 'ਤੇ ਹਨ, ਜੋ ਕਿ ਨਫ਼ਰਤ ਨੂੰ ਵਧਾਵਾ ਦਿੰਦੇ ਹਨ।
ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ (ਮੰਤਰੀ) ਪ੍ਰਦਰਸ਼ਨਕਾਰੀ ਕਿਸਾਨਾਂ ਖਿਲਾਫ ਭੜਕਾਊ ਅਤੇ ਅਪਮਾਨਜਨਕ ਭਾਸ਼ਣ ਵੀ ਦਿੱਤੇ ਸੀ। ਐਸਆਈਟੀ (SIT) ਵੱਲੋਂ ਮੁੱਖ ਮੁਲਜ਼ਮ ਨੂੰ ਸੰਮਨ ਜਾਰੀ ਕੀਤੇ ਜਾਣ ਤੋਂ ਬਾਅਦ ਮੰਤਰੀ ਨੇ ਪਹਿਲਾਂ ਮੁਲਜ਼ਮਾਂ (ਉਸ ਦੇ ਪੁੱਤਰ ਅਤੇ ਉਸ ਦੇ ਸਾਥੀਆਂ) ਨੂੰ ਪਨਾਹ ਦਿੱਤੀ।