ਕਰਨਾਲ: ਹਰਿਆਣਾ ਦੇ ਕਰਨਾਲ ਵਿੱਚ ਮਿੰਨੀ ਸਕੱਤਰੇਤ (Karnal Mini Secretariat) ਦੇ ਬਾਹਰ ਕਿਸਾਨਾਂ ਦਾ ਧਰਨਾ ਜਾਰੀ ਹੈ। ਪ੍ਰਸ਼ਾਸਨ ਨਾਲ ਦੋ ਵਾਰ ਅਸਫਲ ਗੱਲਬਾਤ ਤੋਂ ਬਾਅਦ ਕਿਸਾਨ ਮਿੰਨੀ ਸਕੱਤਰੇਤ ਦੇ ਬਾਹਰ ਧਰਨੇ 'ਤੇ ਡਟੇ ਹਨ। ਕਿਸਾਨ ਤਿੰਨ ਮੰਗਾਂ ਨੂੰ ਪੂਰਾ ਕਰਨ ਦੀ ਮੰਗ 'ਤੇ ਅੜੇ ਹੋਏ ਹਨ।
ਮੰਗਲਵਾਰ ਰਾਤ ਨੂੰ ਈਟੀਵੀ ਭਾਰਤ ਦੀ ਟੀਮ ਵੀ ਕਿਸਾਨਾਂ ਦੇ ਨਾਲ ਮਿੰਨੀ ਸਕੱਤਰੇਤ ਦੇ ਬਾਹਰ ਪੂਰੀ ਰਾਤ ਮੌਜੂਦ ਰਹੀ। ਇਸ ਦੌਰਾਨ ਕਿਸਾਨਾਂ ਨੇ ਗੱਲਬਾਤ ਵਿੱਚ ਦੱਸਿਆ ਕਿ ਉਹ ਸਰਕਾਰ ਦਾ ਭੁਲੇਖਾ ਦੂਰ ਕਰਨਾ ਚਾਹੁੰਦੇ ਹਨ। ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਵੀ ਰੱਦ ਕਰਵਾਇਆ ਜਾਵੇਗਾ ਅਤੇ ਮਹਾਪੰਚਾਇਤ ਦੁਆਰਾ ਲਏ ਗਏ ਫੈਸਲੇ ਅਤੇ ਲਾਠੀਚਾਰਜ ਵਿੱਚ ਸ਼ਹੀਦ ਹੋਏ ਕਿਸਾਨ ਦੇ ਸਬੰਧ ਵਿੱਚ ਤਿੰਨ ਮੰਗਾਂ ਵੀ ਪੂਰੀਆਂ ਕਰਵਾਈਆਂ ਜਾਣਗੀਆਂ। ਧਰਨਾ ਦੇ ਰਹੇ ਕਿਸਾਨਾਂ ਨੇ ਸਪੱਸ਼ਟ ਕਿਹਾ ਕਿ ਹੁਣ ਸਰਕਾਰ ਨਾਲ ਆਰ-ਪਾਰ ਦੀ ਲੜਾਈ ਹੋਵੇਗੀ।
ਦੇਰ ਰਾਤ ਈਟੀਵੀ ਭਾਰਤ ਨੇ ਦਿੱਲੀ-ਚੰਡੀਗੜ੍ਹ ਰਾਸ਼ਟਰੀ ਰਾਜਮਾਰਗ ਦਾ ਦੌਰਾ ਕੀਤਾ। ਇਸ ਦੌਰਾਨ ਬਹੁਤ ਸਾਰੇ ਕਿਸਾਨ ਆਪਣੇ ਵਾਹਨ ਸੜਕਾਂ ਦੇ ਕਿਨਾਰੇ ਲਗਾ ਕੇ ਨੈਸ਼ਨਲ ਹਾਈਵੇਅ 44 'ਤੇ ਆਰਾਮ ਕਰਦੇ ਹੋਏ ਮਿਲੇ। ਕੁਝ ਕਿਸਾਨ ਤਾਸ਼ ਖੇਡ ਕੇ ਆਪਣਾ ਸਮਾਂ ਬਿਤਾ ਰਹੇ ਸੀ। ਕਿਸਾਨਾਂ ਨੇ ਕਿਹਾ ਕਿ ਇਹ ਲੜਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ।