ਅਮਿਤ ਸ਼ਾਹ ਦੀ ਅਪੀਲ ਤੋਂ ਬਾਅਦ ਭਰਾਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਜਗਜੀਤ ਸਿੰਘ ਨੇ ਕਿਹਾ ਕਿ ਅਮਿਤ ਸ਼ਾਹ ਨੇ ਸ਼ਰਤ ਲਾ ਕਿਸਾਨਾਂ ਨਾਲ ਮੁਲਾਕਾਤ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੰਗਾ ਹੁੰਦਾ ਕਿ ਜੇ ਅਮਿਤ ਸ਼ਾਹ ਬਿਨਾਂ ਕਿਸੇ ਸ਼ਰਤ ਤੋਂ ਖੁੱਲ੍ਹੇ ਦਿਲ ਨਾਲ ਮੁਲਾਕਾਤ ਦਾ ਸੁਨੇਹਾ ਦਿੰਦੇ। ਫਿਲਹਾਲ ਜਗਜੀਤ ਸਿੰਘ ਨੇ ਕਿਹਾ ਕਿ ਮੋਰਚੇ ਨੂੰ ਬੁਰਾੜੀ ਲੈ ਜਾਣ ਸਬੰਧੀ ਫ਼ੈਸਲਾ ਭਲਕੇ ਸਵੇਰ ਕਿਸਾਨ ਜੱਥੇਬੰਦੀਆਂ ਨਾਲ ਮੁਲਾਕਾਤ ਤੋਂ ਬਾਅਦ ਲਿਆ ਜਾਵੇਗਾ।
ਧਰਨਾ ਬੁਰਾੜੀ ਸ਼ਿਫਟ ਕਰਨ ਸਬੰਧੀ ਕਿਸਾਨ ਜੱਥੇਬੰਦੀਆਂ ਐਤਵਾਰ ਨੂੰ ਲੈਣਗੀਆਂ ਫ਼ੈਸਲਾ
21:24 November 28
ਭਲਕੇ ਬੁਰਾੜੀ 'ਚ ਮੋਰਚਾ ਲਾਉਣ ਸਬੰਧੀ ਕਿਸਾਨ ਜੱਥੇਬੰਦੀਆਂ ਲੈਣਗੀਆਂ ਫ਼ੈਸਲਾ।
20:46 November 28
ਮੁੱਖ ਮੰਤਰੀ ਕੈਪਟਨ ਦੀ ਕਿਸਾਨਾਂ ਨੂੰ ਅਪੀਲ
ਮੁੱਖ ਮੰਤਰੀ ਕੈਪਟਨ ਨੇ ਕਿਸਾਨਾਂ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੰਗ ਪ੍ਰਵਾਨ ਕਰਨ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਗੱਲਬਾਤ ਹੀ ਇਸ ਮਸਲੇ ਦਾ ਹੱਲ ਹੈ, ਜਿਸ ਸਦਕਾ ਉਨ੍ਹਾਂ ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ ਮੁੱਕਰਰ ਕੀਤੀ ਥਾਂ 'ਤੇ ਧਰਨਾ ਲਾਉਣ ਦੀ ਅਪੀਲ ਕੀਤੀ ਹੈ।
19:46 November 28
ਅਮਿਤ ਸ਼ਾਹ ਨੇ ਕਿਸਾਨਾਂ ਨੂੰ ਬੁਰਾੜੀ ਜਾਣ ਦੇ ਅਗਲੇ ਹੀ ਦਿਨ ਸਰਕਾਰ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰਨ ਦਾ ਭਰੋਸਾ ਦਵਾਇਆ ਹੈ।
ਅਮਿਤ ਸ਼ਾਹ ਨੇ ਇਹ ਵੀ ਕਿਹਾ ਹੈ ਕਿ ਜੇਕਰ ਕਿਸਾਨ 3 ਦਸੰਬਰ ਤੋਂ ਪਹਿਲਾਂ ਗੱਲਬਾਤ ਕਰਨਾ ਚਾਹੁੰਦੇ ਹਨ ਤਾਂ ਉਹ ਸਾਂਤਮਈ ਢੰਗ ਨਾਲ ਬੁਰਾੜੀ ਪ੍ਰਦਰਸ਼ਨ ਕਰਨ। ਉਨ੍ਹਾਂ ਭਰੋਸਾ ਦਵਾਇਆ ਹੈ ਕਿ ਬੁਰਾੜੀ ਜਾਂਦੇ ਹੀ ਉਨ੍ਹਾਂ ਦੀ ਸਰਕਾਰ ਬਹੁਤ ਜਲਦ ਜਾਂ ਅਗਲੇ ਹੀ ਦਿਨ ਕਿਸਾਨਾਂ ਨਾਲ ਮੁਲਾਕਾਤ ਕਰੇਗੀ।
19:40 November 28
ਦਿੱਲੀ ਕੂਚ ਤੋਂ ਬਾਅਦ ਪਹਿਲੀ ਵਾਰ ਕੇਂਦਰ ਦੇ ਨੁਮਾਇੰਦੇ ਅਮਿਤ ਸ਼ਾਹ ਨੇ ਸਾਹਮਣੇ ਆ ਕਿਸਾਨਾਂ ਨੂੰ ਅਪੀਲ ਕੀਤੀ ਹੈ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਹਮਣੇ ਆ ਕਿਸਾਨਾਂ ਨੂੰ ਸੰਬੋਧਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਹਰ ਤਰ੍ਹਾਂ ਦੀ ਗੱਲਬਾਤ ਕਰਨ ਲਈ ਤਿਆਰ ਹਨ। ਉਨ੍ਹਾਂ ਕਿਸਾਨਾਂ ਨੂੰ ਬੁਰਾੜੀ 'ਚ ਆ ਧਰਨਾ ਦੇਣ ਦੀ ਅਪੀਲ ਕੀਤੀ ਹੈ। ਪਰ ਕਿਸਾਨਾਂ ਨੇ ਬੁਰਾੜੀ ਛੱਡ ਬਾਰਡਰ 'ਤੇ ਹੀ ਬੈਠਣ ਦਾ ਫ਼ੈਸਲਾ ਲਿਆ ਹੈ।
19:14 November 28
ਕਿਸਾਨਾਂ ਨੂੰ ਸਮ੍ਰਥਨ ਦੇਣ ਸਿੰਘੂ ਬਾਰਡਰ ਪਹੁੰਚੇ ਗਾਇਕ ਬੱਬੂ ਮਾਨ
ਕਿਸਾਨਾਂ ਦੇ ਪ੍ਰਦਰਸ਼ਨ ਨੂੰ ਸਮਰਠਨ ਦੇਣ ਪਹੁੰਚੇ ਪੰਜਾਬੂ ਗਾਇਕ ਅਤੇ ਅਦਾਕਾਰ ਬੱਬੂ ਮਾਨ, ਸਿੰਘੂ ਬਾਰਡਰ ਪਹੁੰਚ ਕਿਸਾਨਾਂ ਦੇ ਹੱਕ 'ਚ ਹੋਏ ਖੜ੍ਹੇ।
19:06 November 28
ਸਿਰਸਾ ਨੇ ਕਿਸਾਨਾਂ 'ਤੇ ਝੂਠੇ ਪਰਚੇ ਕਰਨ ਦੇ ਸਰਕਾਰ ਦੇ ਇਸ ਕਦਮ ਦੀ ਸਖ਼ਤ ਸ਼ਬਦਾਂ 'ਚ ਨਿਖੇਦੀ ਕੀਤੀ ਹੈ।
ਕਿਸਾਨਾਂ 'ਤੇ ਕੀਤੇ ਗਏ ਝੂਠੇ ਪਰਚੇ ਨੂੰ ਲੈ ਮਨਜਿੰਦਰ ਸਿਰਸਾ ਨੇ ਟਵੀਟ ਕਰ ਸਰਕਰਾ ਦੇ ਇਸ ਕਦਮ ਦੀ ਨਿਖੇਦੀ ਕੀਤੀ ਹੈ। ਕਿਸਾਨੀ ਸੰਘਰਸ਼ ਦਾ ਨਾਇਕ ਬਣ ਕੇ ਉੱਭਰੇ ਨਵਦੀਪ ਦੇ ਪਿਤਾ ਜੈ ਸਿੰਘ 'ਤੇ ਵੀ ਮਾਮਾਲ ਦਰਜ ਕੀਤਾ ਗਿਆ ਹੈ। ਸਿਰਸਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਹ ਐਫਆਈਆਰ ਵਾਪਸ ਨਹੀਂ ਲਈ ਤਾਂ ਆਮ ਲੋਕ ਵੀ ਇਸ ਪ੍ਰਦਰਸ਼ਨ ਦਾ ਸਮਰਥਨ ਕਰਨਗੇ।
18:59 November 28
ਮੁੱਖ ਮੰਤਰੀ ਕੈਪਟਨ ਨੇ ਖੱਟਰ ਨੂੰ ਕਿਸਾਨਾਂ ਤੋਂ ਮੁਆਫੀ ਮੰਗਣ ਲਈ ਕਿਹਾ ਹੈ।
ਹਰਿਆਣਾ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ 'ਤੇ ਕੀਤੇ ਗਏ ਤਸ਼ਦੱਦ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੁੱਸੇ 'ਚ ਆਏ ਹਨ। ਉਨ੍ਹਾਂ ਕਿਹਾ ਕਿ ਜਦੋਂ ਤਕ ਹਰਿਆਣਾ ਸਰਕਾਰ ਕਿਸਾਨਾਂ ਤੋਂ ਮੁਆਫੀ ਨਹੀਂ ਮੰਗ ਲੈਂਦੀ ਉਦੋਂ ਤਕ ਨਾ ਤਾਂ ਖੱਟਰ ਨੂੰ ਮੁਆਫ ਕੀਤਾ ਜਾਵੇਗਾ ਅਤੇ ਨਾ ਹੀ ਉਨ੍ਹਾਂ ਨਾਲ ਗੱਲ ਕੀਤੀ ਜਾਵੇਗੀ।
18:29 November 28
ਮੁੱਖ ਮੰਤਰੀ ਕੈਪਟਨ ਦਾ ਖੱਟਰ 'ਤੇ ਨਿਸ਼ਾਨਾ
ਮੁੱਖ ਮੰਤਰੀ ਕੈਪਟਨ ਨੇ ਟਵੀਟ ਕਰ ਮਨੋਹਰ ਲਾਲ 'ਤੇ ਜਿੱਥੇ ਤੰਜ ਕਸਿਆ ਹੈ ਉੱਥੇ ਹੀ ਕਿਹਾ ਕਿ ਜੇਕਰ ਕੇਂਦਰ ਉਨ੍ਹਾਂ ਨੂੰ ਇਸ ਮਸਲੇ ਨੂੰ ਸੁਲਝਾਉਣ ਲਈ ਸੱਦਾ ਦਿੰਦੀ ਹੈ ਤਾਂ ਉਹ ਕੇਂਦਰ ਦੀ ਮਦਦ ਜ਼ਰੂਰ ਕਰਨਗੇ। ਉਨ੍ਹਾਂ ਕਿਹਾ ਕਿ ਉਹ ਦਿਲੋਂ ਦੇਸ਼ ਨੂੰ ਪਿਆਰ ਕਰਦੇ ਹਨ ਅਤੇ ਸੂਬੇ 'ਚ ਕਿਸੇ ਤਰ੍ਹਾਂ ਦੀ ਕੋਈ ਹਲਚਲ ਨਹੀਂ ਚਾਹੁੰਦੇ।
ਉਨ੍ਹਾਂ ਖੱਟਰ 'ਤੇ ਵਾਰ ਕਰਦਿਆਂ ਕਿਹਾ ਕਿ ਪੰਜਾਬ ਦੇ ਨਾਲ 4-5 ਹਜ਼ਾਰ ਹਰਿਆਣਾ ਦੇ ਕਿਸਾਨ ਹਨ ਪਰ ਕੀ ਖੱਟਰ ਨੂੰ ਇਹ ਨਹੀਂ ਪਤਾ ਚੱਲ ਰਿੁਹਾ ਕਿ ਉਸ ਦੇ ਆਪਣੇ ਸੂਬੇ 'ਚ ਕੀ ਹੋ ਰਿਹਾ ਹੈ।
17:36 November 28
ਕਿਸਾਨਾਂ ਦੇ ਹੱਕ 'ਚ ਹਰਸਿਮਰਤ ਕੌਰ ਬਾਦਲ ਦਾ ਮੋਦੀ 'ਤੇ ਤੰਜ
ਭਲਕੇ 'ਮਨ ਕੀ ਬਾਤ' ਪ੍ਰੋਗਰਾਮ ਤਹਿਤ ਪ੍ਰਧਾਨ ਮੰਤਰੀ ਮੋਦੀ 'ਕਿਸਾਨਾਂ ਕੀ ਬਾਤ' ਕਰਨਗੇ ਜਿਸ ਨੂੰ ਲੈ ਕੇ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਟਵੀਟ ਕੀਤਾ ਹੈ। ਹਰਸਿਮਰਤ ਬਾਦਲ ਦਾ ਕਹਿਣ ਹੈ ਕਿ ਭਲਕੇ ਇਹ ਸਾਫ਼ ਹਾਵੇਗਾ ਕਿ 'ਸਭ ਦਾ ਸਾਥ ਸਭ ਦਾ ਵਿਕਾਸ' ਮਹਿਜ਼ ਬੋਲਣ ਲਈ ਹੀ ਨਹੀਂ ਬਲਕਿ ਉਸ ਨੂੰ ਅਮਲੀ ਜਾਮਾ ਪਹਿਣਾਉਣ ਦੀ ਲੋੜ ਹੈ।
17:16 November 28
ਕਿਸਾਨਾਂ ਉੱਤੇ FIR ਦਰਜ ਕਰਨ ਨੂੰ ਲੈ ਰਾਹੁਲ ਗਾਂਧੀ ਨੇ ਟਵੀਟ ਕੀਤਾ
ਕਿਸਾਨ ਆਗੂਆਂ ਵੱਲੋਂ ਬੈਰੀਕੇਡ ਟੋੜ ਅੱਗੇ ਲੰਘਣ 'ਤੇ ਕਿਸਾਨਾਂ ਉੱਤੇ ਮਾਮਲੇ ਦਰਜ ਕਰਨ ਨੂੰ ਲੈ ਕੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਟਵੀਟ ਕੀਤਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਫਰਜ਼ੀ ਐਫਆਈਆਰ ਦਰਜ ਕਰ ਕਿਸਾਨਾਂ ਦੇ ਇਰਾਦੇ ਨਹੀਂ ਬਦਲ ਸਕਦੀ।
17:11 November 28
ਭਾਰਤੀ ਕਿਸਾਨ ਸੰਘ ਪਹੁੰਚਿਆ ਗਾਜ਼ੀਪੁਰ ਬਾਰਡਰ
ਖੇਤੀ ਕਾਨੂੰਨਾਂ ਦੇ ਵਿਰੋਧ 'ਚ ਪਰਦਰਸ਼ਨ ਕਰਨ ਲਈ ਦਿੱਲੀ ਕੂਚ ਕਰਦਿਆਂ ਭਰਾਤੀ ਕਿਸਾਨ ਸੰਘ ਗਾਜ਼ੀਪੁਰ ਬਾਰਡਰ ਪਹੁੰਚਿਆ। ਆਗੂ ਰਾਕੇਸ਼ ਟਿਕੈਤ ਦਾ ਕਹਿਣਾ ਹੈ 'ਗੱਲਬਾਤ ਕਰ ਅੱਗੇ ਵਧਿਆ ਜਾਵੇਗਾ, ਫ਼ੈਸਲਾ ਨਾ ਲਏ ਜਾਣ ਤਕ ਇੱਥੇ ਪ੍ਰਦਰਸ਼ਨ ਕਰਨ ਦਾ ਕੀਤਾ ਐਲਾਨ।'
17:06 November 28
ਗੁਰਨਾਮ ਸਿੰਘ ਚੰਡੂਨੀ ਸਣੇ ਕਈ ਕਿਸਾਨਾਂ 'ਤੇ ਮਾਮਲਾ ਦਰਜ
ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੰਡੂਨੀ ਸਣੇ ਕਈ ਕਿਸਾਨਾਂ 'ਤੇ ਅੰਬਾਲਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ IPC ਦੀ ਧਾਰਾ 307 ਤਹਿਤ ਦਰਜ ਕੀਤਾ ਗਿਆ ਹੈ, ਜਿਸ 'ਚ ਦੋਸ਼ੀ ਨੂੰ 10 ਸਾਲ ਦੀ ਸਜ਼ਾ ਅਤੇ ਜ਼ੁਰਮਾਨਾ ਦੋਵੇਂ ਹੋ ਸਕਦੇ ਹੋ।
17:01 November 28
ਕਿਸਾਨੀ ਸੰਘਰਸ਼ 'ਚ ਖਾਲਿਸਤਾਨੀ ਕਨੈਕਸ਼ਨ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨਾਂ ਦੇ ਪ੍ਰਦਰਸ਼ਨ 'ਚ ਖਾਲਿਸਤਾਨੀ ਕਨੈਕਸ਼ਨ ਹੋਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਇਸ ਮਾਮਲੇ ਦੀ ਪੜਤਾਲ ਕਰਵਾਏ ਜਾਣ ਦੀ ਗੱਲ ਆਖੀ ਹੈ।
16:54 November 28
ਜਾਟ ਆਗੂ ਯਸ਼ਪਾਲ ਮਲਿਕ ਦਾ ਸਮਰਥਨ ਲੈਣ ਤੋਂ ਕਿਸਾਨਾਂ ਨੇ ਕੀਤਾ ਇਨਕਾਰ
ਟਿਕਰੀ ਬਾਰਡਰ 'ਤੇ ਆਪਣਾ ਸਮਰਥਨ ਦੇਣ ਪਹੁੰਚੇ ਜਾਟ ਆਰਕਸ਼ਨ ਸੰਘਰਸ ਸਮਿਤੀ ਦੇ ਮੁੱਖੀ ਯਸ਼ਪਾਲ ਮਲਿਕ ਦਾ ਸਮਰਥਨ ਲੈਣ ਤੋਂ ਕਿਸਾਨਾਂ ਨੇ ਮਨਾ ਕਰ ਦਿੱਤਾ ਹੈ ਜਿਸ ਤੋਂ ਯਸ਼ਪਾਲ ਮਲਿਕ ਵਾਪਸ ਚਲੇ ਗਏ।
16:44 November 28
ਧਰਨੇ 'ਚ ਕਿਸਾਨਾਂ ਨੇ ਲੰਗਰ ਲੈਣ ਤੋਂ ਕੀਤਾ ਇਨਕਾਰ
ਕਿਸਾਨਾਂ ਲਈ ਲੰਗਰ ਲੈ ਕੇ ਪਹੁੰਚੇ ਡੀਐਸਜੀਐਮਸੀ ਪ੍ਰਧਾਨ ਮਨਜਿੰਦਰ ਸਰਸਾ ਤੋਂ ਕਿਸਾਨਾਂ ਨੇ ਲੰਗਰ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪਣੀ ਤਿਆਰੀ ਕਰ ਕੇ ਆਏ ਹਨ, ਉਨਾਂ ਕੋਲ ਬਹੁਤ ਲੰਗਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿਰਸਾ ਰਾਜਨੀਤੀ ਕਰ ਰਹੇ ਹਨ।
16:02 November 28
ਸਿੰਘੂ ਬਾਰਡਰ 'ਤੇ ਡਟ ਕੇ ਹੀ ਸੰਘਰਸ਼ ਜਾਰੀ ਰੱਥਣਗੇ ਕਿਸਾਨ।
ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ 'ਤੇ ਕਿਸਾਨਾਂ ਦੀ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਕਿਸਾਨਾਂ ਨੇ ਸਿੰਘੂ ਬਾਰਡਰ 'ਤੇ ਹੀ ਡਟ ਕੇ ਆਪਣਾ ਸੰਘਰਸ਼ ਜਾਰੀ ਰੱਖਣ ਦੀ ਫ਼ੈਸਲਾ ਲਿਆ ਹੈ। ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਨੇ ਦੱਸਿਆ ਕਿ ਕਿਸਾਨ ਜੱਥੇਬੰਦੀਆਂ ਹਰ ਰੋਜ਼ 11 ਵਜੇ ਇੱਕਠੀਆਂ ਹੋ ਸੰਘਰਸ਼ ਦੀ ਅਗਲੀ ਰਣਨੀਤੀ 'ਤੇ ਚਰਚਾ ਕਰਨਗੀਆਂ।
15:40 November 28
ਸੁਖਬੀਰ ਬਾਦਲ ਨੇ ਨਰਿੰਦਰ ਮੋਦੀ ਨੂੰ ਕਿਸਾਨਾਂ ਨਾਲ ਜਲਦ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ।
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਟਵੀਟ ਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਿਨਾਂ ਕਿਸੇ ਦੇਰੀ ਤੋਂ ਕਿਸਾਨਾਂ ਨਾਲ ਮੁਲਾਕਾਤ ਕੀਤੇ ਜਾਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਅੰਨਦਾਤੇ ਨੂੰ ਇਸ ਤਰ੍ਹਾਂ ਠੰਡ 'ਚ ਸੜਕਾਂ 'ਤੇ ਰਹਿਣ ਨੂੰ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ।
15:34 November 28
ਕਿਸਾਨਾਂ ਦੇ ਇੱਕਠ ਨੂੰ ਵੇਖਦਿਆਂ ਹਰਿਆਣਾ ਆਉਣ ਜਾਣ ਲਈ ਟਿਕਰੀ ਬਾਰਡਰ ਕੀਤਾ ਗਿਆ ਬੰਦ।
ਕਿਸਾਨਾਂ ਦੇ ਸੰਘਰਸ਼ ਅਤੇ ਵੱਡੀ ਗਿਣਤੀ 'ਚ ਕਿਸਾਨਾਂ ਦੇ ਬਾਰਡਰ 'ਤੇ ਜਮਾ ਹੋਣ ਕਾਰਨ, ਆਉਣ ਜਾਣ ਲਈ ਟਿਕਰੀ ਬਾਰਡਰ ਬੰਦ ਕਰ ਦਿੱਤਾ ਗਿਆ ਹੈ। ਹੁਣ ਹਰਿਆਣਾ ਜਾਣ ਲਈ ਝਰੋਦਾ, ਧਾਂਸਾ, ਦੌਰਾਲਾ, ਝਟੀਕਰਾ , ਬਡੂਸਰੀ, ਕਪਸੇਰਾ, ਰਾਜੋਖਰੀ ਐਨਐਚ 8, ਬਿਡਵਾਸਨ, ਪਾਲਮ ਵਿਹਾਰ ਅਤੇ ਡੂੰਡਾਹੇੜਾ ਸਰਹੱਦਾਂ ਖੁੱਲੀਆਂ ਹਨ
15:25 November 28
ਗੁਪਤ ਥਾਂ 'ਤੇ ਹੋ ਰਹੀ ਗੱਲਬਾਤ
ਗੁਰਨਾਮ ਸਿੰਘ ਚੰਡੂਨੀ ਅਤੇ ਪੰਜਾਬ ਦੇ ਕਿਸਾਨਾਂ ਵਿਚਕਾਰ ਗੁਪਤ ਥਾਂ 'ਤੇ ਗੱਲਬਾਤ ਹੋ ਰਹੀ ਹੈ , ਜਿੱਥੇ ਸੰਘਰਸ਼ ਦੀ ਅਗਲੀ ਰਣਨਿਤੀ 'ਤੇ ਚਰਚਾ ਹੋ ਰਹੀ ਹੈ।
15:22 November 28
ਟਿਕਰੀ ਬਾਰਡਰ 'ਤੇ ਵੀ ਕਿਸਾਨ ਬਣਾ ਰਹੇ ਰਣਨਿਤੀ
ਬਹਾਦਰਗੜ੍ਹ: ਟਿਕਰੀ ਬਾਰਡਰ 'ਤੇ ਹੀ ਕਿਸਾਨ 11 ਮੈਂਬਰੀ ਕਮੇਟੀ ਬਣਾ ਅੱਗੇ ਦੀ ਰਣਨਿਤੀ 'ਤੇ ਗੱਲਬਾਤ ਕਰ ਰਹੇ ਹਨ। ਕਿਸਾਨ ਨਾ ਤਾਂ ਬੁਰਾੜੀ ਜਾਣ ਲਈ ਰਾਜ਼ੀ ਹਨ ਅਤੇ ਨਾ ਹੀ ਪਿੱਛੇ ਹਟਣ ਲਈ
15:22 November 28
ਸਿੰਘੂ ਬਾਰਡਰ 'ਤੇ ਹੀ ਡਟੇ ਰਹਿਣਗੇ ਕਿਸਾਨ।
ਸੋਨੀਪਤ: ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ 'ਤੇ ਮੌਜੂਦ 32 ਕਿਸਾਨ ਜੱਥੇਬੰਦੀਆਂ ਨੇ ਇਹ ਫ਼ੈਸਲਾ ਲਿਆ ਹੈ ਕਿ ਉਹ ਸਿੰਘੂ ਬਾਰਡਰ 'ਤੇ ਹੀ ਡਟੇ ਰਹਿਣਗੇ, ਅਤੇ ਕੇਂਦਰ ਵੱਲੋਂ ਮੁੱਕਰਰ ਕੀਤੀ ਥਾਂ ਬੁਰਾੜੀ ਗਰਾਊਂਡ 'ਚ ਜਾ ਕੇ ਧਰਨਾ ਨਹੀਂ ਦੇਣਗੇ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸਿੰਘੂ ਬਾਰਡਰ 'ਤੇ ਡਟ ਕੇ ਹੀ ਅੱਗੇ ਦੀ ਲੜਾਈ ਲੜਣਗੇ।
14:01 November 28
ਯੂਪੀ ਦੇ ਕਿਸਾਨ ਵੀ ਦਿੱਲੀ ਆਉਣੇ ਹੋਏ ਸ਼ੁਰੂ
ਯੂਪੀ ਦੇ ਕਿਸਾਨ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਪਹੁੰਚਣੇ ਸ਼ੁਰੂ ਹੋ ਗਏ ਹਨ। ਵੱਡੀ ਗਿਣਤੀ ਵਿੱਚ ਯੂਪੀ ਦੇ ਕਿਸਾਨ ਆ ਰਹੇ ਹਨ। ਇਹ ਕਿਸਾਨ ਦਿੱਲੀ ਜਾਣ ਲਈ ਬਾ-ਜਿੱਦ ਹਨ, ਇਨ੍ਹਾਂ ਕਿਸਾਨਾਂ ਨੇ ਯੂਪੀ ਪੁਲਿਸ ਨੇ ਰੋਕਾ ਲਗਾਉਣ ਦੇ ਇਲਜ਼ਾਮ ਲਗਾਏ ਹਨ।
13:57 November 28
ਕਿਸਾਨਾਂ ਦੇ ਹੱਕ 'ਚ ਨਿੱਤਰੇ ਅਖਿਲੇਸ਼ ਯਾਦਵ
ਕਿਸਾਨਾਂ ਦੇ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਚਲੋ ਅੰਦੋਲਨ ਦੌਰਾਨ ਹਰਿਆਣਾ ਅਤੇ ਕੇਂਦਰ ਸਰਕਾਰ ਵੱਲੋਂ ਕੀਤੇ ਤਸ਼ੱਦਦ ਦੀ ਨਿੰਦਾ ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਲੇਸ਼ ਯਾਦਵ ਨੇ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਕਿਸਾਨਾਂ 'ਤੇ ਸਲੂਕ ਕਰਨਾ ਭਾਜਪਾ ਤੋਂ ਇਲਾਵਾ ਕਿਸੇ ਵੀ ਪਾਰਟੀ ਨੇ ਕਦੇ ਨਹੀਂ ਕੀਤਾ। ਇਹ ਉਹੀ ਲੋਕ ਹਨ ਜਿਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਸੀ ਕਿ ਉਹ ਨਾ ਸਿਰਫ ਕਰਜ਼ੇ ਮੁਆਫ ਕਰਨਗੇ।
13:05 November 28
ਜਥੇਦਾਰ ਹਰਪ੍ਰੀਤ ਸਿੰਘ ਨੇ ਸੰਗਤ ਨੂੰ ਗੁਰਪੁਰਬ ਮੌਕੇ ਕਿਸਾਨਾਂ ਦੇ ਹੱਕ 'ਚ ਅਰਦਾਸ ਕਰਨ ਦੀ ਕੀਤੀ ਅਪੀਲ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਹਰਿਆਣਾ ਪੁਲਿਸ ਵੱਲੋਂ ਕਿਸਾਨ ਆਗੂਆਂ ਅਤੇ ਵਾਟਰ ਕੈਨਨ ਬੰਦ ਕਰਨ ਵਾਲੇ ਨੌਜਵਾਨ 'ਤੇ ਮਾਮਲੇ ਦਰਜ ਕਰਨ ਦੀ ਨਿਖੇਧੀ ਕਰਦਿਆਂ ਸਮੁੱਚੀ ਕੌਮ ਨੂੰ ਸੱਦਾ ਦਿੱਤਾ ਹੈ ਕਿ ਗੁਰਪੁਰਬ ਵਾਲੇ ਦਿਨ ਕੌਮ ਅਰਦਾਸ ਕਰੇ ਕਿ ਵਾਹਿਗੁਰੂ ਕਿਸਾਨਾਂ ਨੂੰ ਬਲ ਬਖ਼ਸ਼ੇ ਅਤੇ ਭਾਰਤ ਸਰਕਾਰ ਨੂੰ ਸੁਮੱਤ ਬਖ਼ਸ਼ੇ।
12:41 November 28
ਮੋਦੀ ਦੇ ਹੰਕਾਰ ਨੇ ਕਿਸਾਨਾਂ ਦੇ ਵਿਰੁੱਧ ਖੜ੍ਹੇ ਕੀਤੇ ਜਵਾਨ: ਰਾਹੁਲ ਗਾਂਧੀ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਵੱਲ ਮਾਰਚ ਕਰ ਰਹੇ ਕਿਸਾਨਾਂ ਦੇ ਹੱਕ 'ਚ ਟਵੀਟ ਕੀਤਾ ਹੈ। ਉਨ੍ਹਾਂ ਨੇ ਟਵੀਟ 'ਚ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਇੱਕ ਫੌਜੀ ਜਵਾਨ ਇੱਕ ਬਜੁਗਰ ਕਿਸਾਨ ਨੂੰ ਕੁੱਟ ਰਿਹਾ ਹੈ। ''ਬਹੁਤ ਦੀ ਦੁੱਖ ਵਾਲੀ ਹੈ। ਸਾਡਾ ਨਾਅਰਾ ਤਾਂ 'ਜੈ ਜਵਾਨ ਜੈ ਕਿਸਾਨ' ਦਾ ਸੀ ਪਰ ਅੱਜ ਪ੍ਰਧਾਨ ਮੰਤਰੀ ਮੋਦੀ ਦੇ ਹੰਕਾਰ ਨੇ ਜਵਾਨ ਨੂੰ ਕਿਸਾਨ ਦੇ ਵਿਰੁੱਧ ਖੜ੍ਹਾ ਕਰ ਦਿੱਤਾ ਹੈ। ਇਹ ਬਹੁਤ ਖ਼ਤਰਨਾਕ ਹੈ।''
12:11 November 28
ਦਿੱਲੀ ਜਾਂਦੇ ਕਿਸਾਨਾਂ ਦੇ ਕਾਫਲੇ 'ਚ ਹਾਲ ਜਾਣ ਲਈ ਪਹੁੰਚੇ ਮੰਤਰੀ ਸਿੰਗਲਾ
ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਕਾਫਲੇ ਦਿੱਲੀ ਦੇ ਟਿਕਰੀ ਬਾਰਡਰ 'ਤੇ ਪਹੁੰਚ ਰਹੇ ਹਨ ਤੇ ਕਿਸਾਨਾਂ ਨੇ ਵੱਡੇ-ਵੱਡੇ ਕਾਫਲੇ ਹਾਲੇ ਵੀ ਪੰਜਾਬ ਤੋਂ ਜਾ ਰਹੇ ਹਨ। ਕਿਸਾਨਾਂ ਨੂੰ ਹਮਾਇਤ ਦੇਣ ਲਈ ਪੰਜਾਬ ਕੈਬਿਨੇਟ ਮੰਤਰੀ ਵਿਜੇ ਇੰਦਰ ਸਿੰਗਲਾ ਵੀ ਕਿਸਾਨਾਂ ਦੇ ਸੰਘਰਸ਼ 'ਚ ਪਹੁੰਚ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੇ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲ ਜਾਣਿਆ।
12:08 November 28
ਬੀਕੇਯੂ (ਉਗਰਾਹਾਂ) ਨੇ ਬੁਰਾੜੀ 'ਚ ਧਰਨਾ ਦੇ ਤੋਂ ਕੀਤਾ ਸਾਫ਼ ਇਨਕਾਰ
ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਕਾਫਲੇ ਦਿੱਲੀ ਦੇ ਟਿਕਰੀ ਬਾਰਡਰ 'ਤੇ ਪਹੁੰਚ ਰਹੇ ਹਨ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ (ੳਗਰਾਹਾਂ) ਨੇ ਬੁਰਾੜੀ ਮੈਦਾਨ 'ਚ ਪ੍ਰਦਰਸ਼ਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਯੂਨੀਅਨ ਦੇ ਜਰਨਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਅਨੁਸਾਰ ਉਹ ਸਿੱਧੇ ਰਾਮ ਲੀਲਾ ਮੈਦਾਨ ਜਾਂ ਜੰਤਰ-ਮੰਤਰ ਵਿਖੇ ਜਾਣ ਦਾ ਹੀ ਯਤਨ ਕਰਨਗੇ।
11:00 November 28
ਨਵੀਂ ਦਿੱਲੀ : ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਵੱਲ ਵੱਧ ਰਹੇ ਪੰਜਾਬ-ਹਰਿਆਣਾ ਦੇ ਕਿਸਾਨਾਂ ਦਾ ਦਿੱਲੀ ਦੇ ਸਿੰਘੂ ਦੇ ਬਾਰਡਰ 'ਤੇ ਧਰਨਾ ਜਾਰੀ ਹੈ। ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਬੁਰਾੜੀ ਦੇ ਮੈਦਾਨ 'ਚ ਧਰਨਾ ਦੇਣ ਦੀ ਆਗਿਆ ਦਿੱਤੀ ਹੈ। ਇਸ ਮੁੱਦੇ 'ਤੇ ਕਿਸਾਨ ਆਗੂ ਫੈਸਲਾ ਲੈਣ ਲਈ ਮੀਟਿੰਗ ਕਰ ਰਹੇ ਹਨ।
ਇਸ ਸਭ ਦੇ ਵਿੱਚ ਦਿੱਲੀ ਵੱਲ ਨੂੰ ਪੰਜਾਬ ਤੋਂ ਹਾਲੇ ਹਜ਼ਾਰਾਂ ਕਿਸਾਨਾਂ ਦਾ ਕਾਫਲਾ ਅੱਗੇ ਵੱਧ ਰਿਹਾ ਹੈ ਅਤੇ ਵੱਡੀ ਗਿਣਤੀ ਕਿਸਾਨ ਸਿੰਘੂ, ਟਿਕਟੀ ਬਾਰਡਰ ਅਤੇ ਵੱਖੋ-ਵੱਖ ਬਾਰਡਰਾਂ 'ਤੇ ਵੀ ਧਰਨਾ ਦੇ ਰਹੇ ਹਨ।
ਇਸ ਦੌਰਾਨ ਇਹ ਵੀ ਖ਼ਬਰ ਆਈ ਹੈ ਕਿ ਦਿੱਲੀ ਪੁਲਿਸ ਨੇ ਟਿਕਰੀ ਬਾਰਡਰ 'ਤੇ ਵੱਡੀ ਗਿਣਤੀ ਵਿੱਚ ਸੁਰੱਖਿਆ ਫੋਰਸ ਤਾਇਨਾਤ ਕੀਤੀ ਹੈ।