ਸਿਰਸਾ: ਕਿਸਾਨਾਂ ਖ਼ਿਲਾਫ਼ ਦਰਜ ਦੇਸ਼ ਧ੍ਰੋਹ ਦੇ ਕੇਸਾਂ(Farmers Sedition Case) ਵਿੱਚ ਗ੍ਰਿਫ਼ਤਾਰ ਕੀਤੇ ਪੰਜ ਕਿਸਾਨਾਂ ਨੂੰ ਜ਼ਮਾਨਤ ‘ਤੇ ਰਿਹਾ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਬਲਦੇਵ ਸਿੰਘ ਨੇ ਵੀ ਨਾਰੀਅਲ ਪਾਣੀ ਪੀ ਕੇ ਆਪਣਾ ਵਰਤ ਤੋੜ ਦਿੱਤਾ ਹੈ। ਪੰਜਾਂ ਕਿਸਾਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਬਲਦੇਵ ਸਿੰਘ ਨੇ ਮਹਾਪੰਚਾਇਤ ਦਾ ਆਯੋਜਨ ਕੀਤਾ ਅਤੇ ਮਿੰਨੀ ਸਕੱਤਰੇਤ ਦੇ ਬਾਹਰ ਪੱਕਾ ਮੋਰਚਾ ਲਗਾਇਆ ਸੀ। ਜਿਸ ਤੋਂ ਬਾਅਦ ਕਿਸਾਨ ਆਗੂ ਹਰਦੇਵ ਸਿੰਘ ਨੇ ਫੈਸਲਾ ਲਿਆ ਸੀ ਕਿ ਜਦੋਂ ਤੱਕ ਕਿਸਾਨਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਆਪਣਾ ਵਰਤ ਨਹੀਂ ਤੋੜਣਗੇ।
ਇਸ ਦੇ ਨਾਲ ਹੀ ਦਿੱਲੀ ਤੋਂ ਸਿਰਸਾ ਪਹੁੰਚੇ ਕਿਸਾਨ ਆਗੂ ਜਗਜੀਤ ਸਿੰਘ ਡੇਲੇਵਾਲ ਨੇ ਦੱਸਿਆ ਕਿ ਸਰਕਾਰ ਨੂੰ ਬਲਦੇਵ ਸਿੰਘ ਅਤੇ ਧਰਨੇ ‘ਤੇ ਬੈਠੇ ਕਿਸਾਨਾਂ ਸਾਹਮਣੇ ਝੁਕਣਾ ਹੀ ਪਿਆ। ਪ੍ਰਸ਼ਾਸਨ ਸਾਡੇ ਪੰਜ ਕਿਸਾਨ ਭਰਾਵਾਂ ਨੂੰ ਰਿਹਾ ਕਰਨ ਲਈ ਮਜ਼ਬੂਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮਿੰਨੀ ਸਕੱਤਰੇਤ ਅੱਗੇ ਧਰਨਾ ਹੁਣ ਖ਼ਤਮ ਹੋ ਜਾਵੇਗਾ ਪਰ ਦਿੱਲੀ ਸਰਹੱਦ ‘ਤੇ ਚੱਲ ਰਿਹਾ ਅੰਦੋਲਨ ਜਾਰੀ ਰਹੇਗਾ। ਦੂਜੇ ਪਾਸੇ ਜੋ ਕਿ ਸ਼ੁੱਕਰਵਾਰ ਨੂੰ 2 ਘੰਟਿਆਂ ਲਈ ਸਿਰਸਾ ਬੰਦ ਦਾ ਸੱਦਾ ਗਿਆ ਸੀ, ਉਹ ਕਾਲ ਵੀ ਵਾਪਸ ਲੈ ਲਈ ਗਈ ਹੈ, ਹੁਣ ਸਿਰਸਾ ਕੱਲ ਨੂੰ ਬੰਦ ਨਹੀਂ ਹੋਵੇਗਾ ਅਤੇ ਸਾਰੇ ਬਾਜ਼ਾਰ ਖੁੱਲ੍ਹਣਗੇ।
ਗੌਰਤਲਬ ਗੱਲ ਹੈ ਕਿ 11 ਜੁਲਾਈ ਨੂੰ ਹਰਿਆਣਾ ਦੇ ਡਿਪਟੀ ਸਪੀਕਰ ਰਣਬੀਰ ਗੰਗਵਾ ਦੀ ਗੱਡੀ ‘ਤੇ ਹਮਲਾ ਹੋਇਆ ਸੀ। ਡਿਪਟੀ ਸਪੀਕਰ ਦੀ ਗੱਡੀ 'ਤੇ ਉਸ ਵੇਲੇ ਹਮਲਾ ਕੀਤਾ ਗਿਆ ਜਦੋਂ ਉਹ ਹਰਿਆਣਾ ਦੇ ਸਿਰਸਾ ਜ਼ਿਲ੍ਹੇ 'ਚ ਚੌਧਰੀ ਦੇਵੀ ਲਾਲ ਯੂਨੀਵਰਸਿਟੀ 'ਚ ਆਯੋਜਿਤ ਇੱਕ ਪ੍ਰੋਗਰਾਮ 'ਚ ਸ਼ਾਮਲ ਹੋਣ ਤੋਂ ਬਾਅਦ ਪਰਤ ਰਹੇ ਸਨ।