ਚੰਡੀਗੜ੍ਹ: ਇਥੇ ਮਟਕਾ ਚੌਂਕ ’ਤੇ ਕਿਸਾਨ ਲਗਾਤਾਰ ਧਰਨਾ ਦੇ ਰਹੇ ਸੀ। ਚੌਂਕ ’ਤੇ ਨਿਹੰਗ ਸਿੰਘ ਬਾਬਾ ਲਾਭ ਸਿੰਘ ਨੇ ਧਰਨਾ ਸ਼ੁਰੂ ਕੀਤਾ ਸੀ ਤੇ ਬਾਅਦ ਵਿੱਚ ਇਹ ਧਰਨਾ ਹੋਰ ਚੌਂਕਾਂ ਅਤੇ ਟਰੈਫਿਕ ਲਾਈਟਾਂ ’ਤੇ ਵੀ ਸ਼ਾਮ ਵੇਲੇ ਦੋ ਘੰਟੇ ਲਈ ਲੱਗਣਾ ਸ਼ੁਰੂ ਹੋ ਗਿਆ ਸੀ। ਸਵੇਰੇ ਜਿਵੇਂ ਹੀ ਪੀਐਮ ਮੋਦੀ ਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ, ਉਦੋਂ ਤੋਂ ਹੀ ਚੰਡੀਗੜ੍ਹ ਵਿੱਚ ਧਰਨਾ ਦਾ ਧੁਰਾ ਬਣੇ ਰਹੇ ਇਸ ਚੌਂਕ ’ਤੇ ਕਿਸਾਨ ਇਕੱਠੇ ਹੋਣਾ ਸ਼ੁਰੂ ਹੋ ਗਏ ਸੀ।
ਖੇਤੀ ਕਾਨੂੰਨ ਰੱਦ ਹੋਣ ’ਤੇ ਚੰਡੀਗੜ੍ਹ ’ਚ ਖੁਸ਼ੀ ਦਾ ਮਹੌਲ
ਪ੍ਰਧਾਨ ਮੰਤਰੀ ਨਰੇਂਦਰ ਮੋਦੀ (PM Narender Modi) ਵੱਲੋਂ ਖੇਤੀ ਕਾਨੂੰਨ ਰੱਦ ਕਰਨ ਦੇ ਐਲਾਨ (Announcement of farm law repealed) ਉਪਰੰਤ ਚੁਫੇਰੇ ਖੁਸ਼ੀ ਦਾ ਮਹੌਲ ਹੈ। ਖਾਸ ਕਰਕੇ ਪੰਜਾਬੀ ਇਸ ਐਲਾਨ ਤੋਂ ਖੁਸ਼ ਹਨ (Punjabis are happy) ਤੇ ਚੰਡੀਗੜ੍ਹ ਵਿੱਚ ਅਜਿਹਾ ਮਹੌਲ ਵੇਖਣ ਨੂੰ ਮਿਲਿਆ (Celebration witnessed in Chandigarh)।
ਕਿਸਾਨਾਂ ਨੇ ਇਥੇ ਨਾ ਸਿਰਫ ਖੁਸ਼ੀ ਵਿੱਚ ਮਠਿਆਈਆਂ ਵੰਡੀਆਂ, ਸਗੋਂ ਭੰਗੜੇ ਵੀ ਪਾਏ। ਇਸ ਦੌਰਾਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਤੇ ਔਰਤਾਂ ਵੀ ਖੁਸ਼ੀ ਵਿੱਚ ਸ਼ਰੀਕ ਹੋਈਆਂ। ਕਿਸਾਨਾਂ ਦਾ ਕਹਿਣਾ ਹੈ ਕਿ ਸ਼ਹੀਦੀਆਂ ਤੇ ਕੁਰਬਾਨੀਆਂ ਦੇ ਕੇ ਹੀ ਸਫਲਤਾ ਮਿਲਦੀ ਹੈ ਤੇ ਸਿੱਖ ਕੌਮ ਦਾ ਇਤਿਹਾਸ ਰਿਹਾ ਹੈ ਕਿ ਇਸ ਨੂੰ ਕੁਰਬਾਨੀਆਂ ਨਾਲ ਹੀ ਜਿੱਤ ਪ੍ਰਾਪਤ ਹੋਈ ਹੈ।
ਕਿਸਾਨਾਂ ਦਾ ਕਹਿਣਾ ਸੀ ਕਿ ਹੁਣ ਵੀ ਸੱਤ ਸੌ ਦੇ ਕਰੀਬ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਸ਼ਹੀਦ ਹੋ ਗਏ ਤੇ ਤਾਂ ਹੀ ਜਾ ਕੇ ਇਹ ਅੰਦੋਲਨ ਸਫਲ ਹੋਇਆ ਤੇ ਅੱਜ ਕੇਂਦਰ ਸਰਕਾਰ ਨੂੰ ਆਖਰ ਕਾਨੂੰਨ ਵਾਪਸ ਲੈਣ ਦਾ ਫੈਸਲਾ ਲੈਣਾ ਪੈ ਗਿਆ। ਬਾਬਾ ਲਾਭ ਸਿੰਘ ਨੇ ਕਿਹਾ ਕਿ ਪੀਐਮ ਮੋਦੀ ਨੂੰ ਪ੍ਰਮਾਤਮਾ ਦੀ ਦੇਣ ਹੋਈ ਹੈ ਤੇ ਤਾਂ ਹੀ ਉਨ੍ਹਾਂ ਦੀ ਜੁਬਾਨ ’ਤੇ ਖੇਤੀ ਕਾਨੂੰਨ ਰੱਦ ਕਰਨ ਦੀ ਗੱਲ ਆਈ ਪਰ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਸੰਸਦ ਵਿੱਚ ਕਾਨੂੰਨ ਵਾਪਸ ਨਹੀਂ ਹੋ ਜਾਂਦੇ। ਬਾਬਾ ਲਾਭ ਸਿੰਘ ਨੇ ਕਿਹਾ ਕਿ ਉਹ ਸੇਵਾ ਹਿੱਤ ਹੀ ਪੈਦਾ ਹੋਏ ਹਨ ਤੇ ਸੇਵਾ ਲਈ ਹੀ ਮਟਕਾ ਚੌਂਕ ’ਤੇ ਧਰਨਾ ਲਾਇਆ ਹੈ ਤੇ ਇਥੇ ਹੀ ਉਨ੍ਹਾਂ ਦਾ ਅੰਤ ਹੋਵੇਗਾ।