ਦੇਹਰਾਦੂਨ: ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਬੁੱਧਵਾਰ ਨੂੰ ਦੇਹਰਾਦੂਨ 'ਚ ਸਨ। ਉੱਤਰਾਖੰਡ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋਣ ਤੋਂ ਬਾਅਦ ਤੋਂ ਹੀ ਉੱਤਰਾਖੰਡ ਕਾਂਗਰਸ ਪ੍ਰਿਯੰਕਾ ਦੇ ਆਉਣ ਦਾ ਇੰਤਜ਼ਾਰ ਕਰ ਰਹੀ ਸੀ। ਇਸ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਦਾ ਦੌਰਾ ਜਨਵਰੀ ਦੇ ਪਹਿਲੇ ਹਫ਼ਤੇ ਤੈਅ ਸੀ ਪਰ ਵਧਦੇ ਕੋਰੋਨਾ ਮਾਮਲਿਆਂ ਦੇ ਚੱਲਦਿਆਂ ਉਸ ਦੌਰੇ ਨੂੰ ਮੁਲਤਵੀ ਕਰਨਾ ਪਿਆ ਸੀ।
ਇਸ ਦੇ ਨਾਲ ਹੀ ਪ੍ਰਿਅੰਕਾ ਦੇ ਆਉਣ ਕਾਰਨ ਕਾਂਗਰਸੀ ਕਾਫੀ ਉਤਸ਼ਾਹਿਤ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਰਾਹੀਂ ਕਾਂਗਰਸ ਦਾ ‘ਉੱਤਰਾਖੰਡ ਸਵਾਭਿਮਾਨ ਸੰਕਲਪ ਪੱਤਰ’ ਵੀ ਜਾਰੀ ਕੀਤਾ ਗਿਆ। ਇਸ ਮੌਕੇ ਈਟੀਵੀ ਭਾਰਤ ਨੇ ਪ੍ਰਿਯੰਕਾ ਗਾਂਧੀ ਨਾਲ ਵਿਸ਼ੇਸ਼ ਗੱਲਬਾਤ ਕੀਤੀ।
ਉੱਤਰਾਖੰਡ ਚੋਣਾਂ ਨੂੰ ਲੈਕੇ ਪ੍ਰਿਯੰਕਾ ਗਾਂਧੀ ਨਾਲ ਖਾਸ ਗੱਲਬਾਤ ਕਾਂਗਰਸ ਦਾ ਮੈਨੀਫੈਸਟੋ ਜਾਰੀ ਕਰਨ ਤੋਂ ਬਾਅਦ ਪ੍ਰਿਅੰਕਾ ਨੇ ਸੂਬੇ ਦੇ ਲੋਕਾਂ ਨੂੰ ਸੰਬੋਧਿਤ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਹੱਕ ਲਈ ਵੋਟ ਪਾਉਣ ਦੀ ਅਪੀਲ ਕੀਤੀ। ਪ੍ਰਿਯੰਕਾ ਨੇ ਕਿਹਾ ਕਿ ਕਾਂਗਰਸ ਪਾਰਟੀ ਅੱਗੇ ਆ ਕੇ ਕਹਿ ਰਹੀ ਹੈ ਕਿ ਉਹ ਲੋਕਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦੇਵੇਗੀ। ਉਨ੍ਹਾਂ ਨੇ ਲੋਕਾਂ ਨੂੰ ਵੋਟ ਦੀ ਕੀਮਤ ਬਾਰੇ ਦੱਸਿਆ ਅਤੇ ਕਿਹਾ ਕਿ ਇੱਕ ਵੀ ਵੋਟ ਨੂੰ ਹਲਕੇ ਵਿਚ ਨਾ ਲਓ ਕਿਉਂਕਿ ਸਿਰਫ ਇਕ ਵੋਟ ਹੀ ਤੁਹਾਡਾ ਭਵਿੱਖ ਤੈਅ ਕਰੇਗੀ।
ਸੰਬੋਧਨ ਕਰਨ ਤੋਂ ਬਾਅਦ, ਜਦੋਂ ਈਟੀਵੀ ਭਾਰਤ ਨੇ ਪ੍ਰਿਯੰਕਾ ਤੋਂ ਪੁੱਛਿਆ ਕਿ ਉਹ ਇਸ ਉਤਸ਼ਾਹ ਨੂੰ ਦੇਖ ਕੇ ਕਿਵੇਂ ਮਹਿਸੂਸ ਕਰਦੇ ਹਨ, ਤਾਂ ਪ੍ਰਿਯੰਕਾ ਨੇ ਕਿਹਾ ਕਿ ਉਹ ਸੂਬੇ ਦੇ ਲੋਕਾਂ ਵਿੱਚ ਅਜਿਹਾ ਉਤਸ਼ਾਹ ਦੇਖ ਕੇ ਬਹੁਤ ਖੁਸ਼ ਹੈ। ਇਸ ਦੌਰਾਨ ਉਨ੍ਹਾਂ ਅਪੀਲ ਕੀਤੀ ਹੈ ਕਿ ਸੂਬੇ ਦੇ ਲੋਕ ਵਿਕਾਸ ਦੇ ਆਧਾਰ 'ਤੇ ਵੋਟ ਪਾਉਣ, ਉਨ੍ਹਾਂ ਲਈ ਜੋ ਕੁਝ ਕੀਤਾ ਹੈ, ਉਸ ਦੇ ਆਧਾਰ 'ਤੇ ਵੋਟ ਪਾਉਣ।
ਇਸ ਦੇ ਨਾਲ ਹੀ ਕੇਂਦਰੀ ਬਜਟ 'ਤੇ ਕਾਂਗਰਸ ਦੇ ਹਮਲਾਵਰ ਰੁਖ 'ਤੇ ਪ੍ਰਿਯੰਕਾ ਗਾਂਧੀ ਨੇ ਜਵਾਬ ਦਿੱਤਾ ਕਿ ਕਾਂਗਰਸ ਹਮਲਾਵਰ ਹੈ। ਕਿਉਂਕਿ ਆਮ ਬਜਟ ਵਿੱਚ ਗਰੀਬ, ਮੱਧ ਵਰਗ ਅਤੇ ਕਿਸਾਨਾਂ ਲਈ ਕੁਝ ਨਹੀਂ ਹੈ। ਸਿਰਫ ਵੱਡੇ ਉਦਯੋਗਪਤੀਆਂ ਲਈ ਭਰਵਾਂ ਪੈਕੇਜ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੀ ਇਹ ਮਨਸ਼ਾ ਰਹੀ ਹੈ। ਉਨ੍ਹਾਂ ਕੇਂਦਰ ’ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਦੀ ਵਿਚਾਰਧਾਰਾ ਇਹ ਹੈ ਕਿ ਉਸ ਦੇ ਕੁਝ ਕੁ ਉਦਯੋਗਪਤੀ ਦੋਸਤਾਂ ਨੂੰ ਹੀ ਵਧਣਾ ਚਾਹੀਦਾ ਹੈ ਅਤੇ ਬਾਕੀ ਗ਼ਰੀਬ ਲੋਕਾਂ ਨੂੰ ਰੱਬ 'ਤੇ ਭਰੋਸੇ ਰੱਖਣਾ ਚਾਹੀਦਾ ਹੈ।
ਪ੍ਰਿਯੰਕਾ ਨੇ ਔਰਤਾਂ ਨੂੰ ਲੈ ਕੇ ਵੀ ਆਪਣਾ ਵਾਅਦਾ ਦੁਹਰਾਇਆ। ਉਨ੍ਹਾਂ ਕਿਹਾ ਕਿ ਜੇਕਰ ਉੱਤਰਾਖੰਡ ਵਿੱਚ ਕਾਂਗਰਸ ਦੀ ਸਰਕਾਰ ਬਣੀ ਤਾਂ ਔਰਤਾਂ ਨੂੰ ਅੱਗੇ ਵਧਾਉਣ ਲਈ ਬਹੁਤ ਕੁਝ ਕੀਤਾ ਜਾਵੇਗਾ। ਇਹ ਗੱਲ ਉਨ੍ਹਾਂ ਦੇ ਚੋਣ ਮਨੋਰਥ ਪੱਤਰ ਤੋਂ ਵੀ ਸਪੱਸ਼ਟ ਹੁੰਦੀ ਹੈ, ਜਿਸ ਵਿੱਚ ਔਰਤਾਂ ਨੂੰ 40 ਫੀਸਦੀ ਸਰਕਾਰੀ ਨੌਕਰੀਆਂ ਵਿੱਚ ਭਾਗੀਦਾਰੀ ਦੇਣ ਦੀ ਗੱਲ ਕੀਤੀ ਗਈ ਹੈ। ਉਨ੍ਹਾਂ ਕਿਹਾ ਹੈ ਕਿ ਪੁਲਿਸ ਵਿਭਾਗ ਵਿੱਚ ਵੀ 40 ਫੀਸਦੀ ਅਸਾਮੀਆਂ ਔਰਤਾਂ ਲਈ ਰਾਖਵੀਆਂ ਹੋਣਗੀਆਂ। ਇਸ ਦੇ ਨਾਲ ਹੀ ਔਰਤਾਂ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਕਰ ਸਕਣਗੀਆਂ।
ਇਹ ਵੀ ਪੜ੍ਹੋ:ਕੋਵਿਡ ਤੋਂ ਬਾਅਦ ਨਵੀਂ ਵਿਸ਼ਵ ਵਿਵਸਥਾ ਦੀ ਸੰਭਾਵਨਾ, ਭਾਰਤੀ ਅਰਥਵਿਵਸਥਾ ’ਚ ਨਿਰੰਤਰ ਵਿਸਤਾਰ ਜਾਰੀ: ਮੋਦੀ