ਨਵੀਂ ਦਿੱਲੀ:ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਜੀ-20 ਸੰਮੇਲਨ ਤੋਂ ਠੀਕ ਪਹਿਲਾਂ ਰੂਸ ਅਤੇ ਯੂਕਰੇਨ ਅਤੇ ਭਾਰਤ ਨਾਲ ਚੀਨ ਦੇ ਸਰਹੱਦੀ ਵਿਵਾਦ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਪੂਰੇ ਵਿਸ਼ਵ ਵਿੱਚ ਭਾਰਤ ਦੀ ਭਰੋਸੇਯੋਗਤਾ ਵਧੀ ਹੈ। ਮਨਮੋਹਨ ਸਿੰਘ ਨੂੰ ਅੱਜ ਰਾਤ G20 ਸਿਖਰ ਸੰਮੇਲਨ ਦੇ ਖਾਣੇ ਲਈ ਸੱਦਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ, ਸਾਬਕਾ ਪੀਐਮ ਦੇਵਗੌੜਾ ਨੂੰ ਵੀ ਸੱਦਾ ਦਿੱਤਾ ਗਿਆ ਹੈ।
ਮਨਮੋਹਨ ਸਿੰਘ ਵਲੋਂ ਸਾਂਝੇ ਕੀਤੇ ਗਏ ਤਜ਼ੁਰਬੇ:'ਦਿ ਇੰਡੀਅਨ ਐਕਸਪ੍ਰੈਸ' ਨੂੰ ਦਿੱਤੇ ਇੰਟਰਵਿਊ 'ਚ ਸਾਬਕਾ ਪ੍ਰਧਾਨ ਮੰਤਰੀ ਨੇ ਰੂਸ ਅਤੇ ਯੂਕਰੇਨ ਵਿਚਾਲੇ ਵਿਵਾਦ ਦੇ ਨਾਲ-ਨਾਲ ਚੀਨ ਨਾਲ ਭਾਰਤ ਦੇ ਸਰਹੱਦੀ ਵਿਵਾਦ 'ਤੇ ਵੀ ਗੱਲ ਕੀਤੀ। ਇਸ ਦੌਰਾਨ ਮਨਮੋਹਨ ਸਿੰਘ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਅਜਿਹੇ ਸਮੇਂ ਜਦੋਂ ਦੋ ਦੇਸ਼ਾਂ ਵਿਚਾਲੇ ਟਕਰਾਅ ਹੁੰਦਾ ਹੈ, ਤਾਂ ਇਸ ਦਾ ਅਸਰ ਦੂਜੇ ਦੇਸ਼ਾਂ 'ਤੇ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ ਵਿਚ ਸ਼ਾਮਲ ਦੇਸ਼ਾਂ ਨਾਲ ਸਬੰਧ ਰੱਖਣ ਵਾਲੇ ਦੇਸ਼ਾਂ 'ਤੇ ਦਬਾਅ ਪਾਇਆ ਜਾਂਦਾ ਹੈ। ਉਨ੍ਹਾਂ ਦੇਸ਼ਾਂ ਨੂੰ ਇੱਕ ਪਾਸੇ ਕਰਨ ਲਈ ਮਾਹੌਲ ਬਣਾਇਆ ਜਾਂਦਾ ਹੈ।