ਅੱਜ ਜਿੰਨ੍ਹਾਂ ਖ਼ਬਰਾਂ 'ਤੇ ਰਹੇਗੀ ਨਜ਼ਰ
1. ਪੰਜਾਬ ਕੈਬਨਿਟ ਮੀਟਿੰਗ 4 ਅਕਤੂਬਰ ਨੂੰ
ਚੰਡੀਗੜ੍ਹ: ਪੰਜਾਬ ਦੀ ਚੰਨੀ ਸਰਕਾਰ (Channi Govt.) ਨੇ 4 ਅਕਤੂਬਰ ਨੂੰ ਇੱਕ ਹੋਰ ਮੀਟਿੰਗ ਸੱਦ ਲਈ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਾਲਾਂਕਿ ਇਸ ਮੀਟਿੰਗ ਦਾ ਏਜੰਡਾ ਜਾਰੀ ਨਹੀਂ ਕੀਤਾ ਹੈ ਤੇ ਇਸ ਨੂੰ ਗੁਪਤ ਹੀ ਰੱਖਿਆ ਗਿਆ ਹੈ। ਵੀਰਵਾਰ ਨੂੰ ਮੁੱਖ ਸਕੱਤਰ ਅਨਿਰੁੱਧ ਤਿਵਾੜੀ ਨੇ ਇੱਕ ਪੱਤਰ ਜਾਰੀ ਕਰਕੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੋਂ ਇਲਾਵਾ ਉਪ ਮੁੱਖ ਮੰਤਰੀਆਂ ਤੇ ਸਾਰੇ ਮੰਤਰੀਆਂ ਨੂੰ ਜਾਣਕਾਰੀ ਭੇਜ ਦਿੱਤੀ ਹੈ ਕਿ ਪੰਜਾਬ ਸਿਵਲ ਸਕੱਤਰੇਤ ਦੀ ਦੂਜੀ ਮੰਜਲ ‘ਤੇ ਕਮੇਟੀ ਹਾਲ ਵਿੱਚ ਸਵੇਰੇ 11 ਵਜੇ ਮੰਤਰੀ ਮੰਡਲ ਦੀ ਮੀਟਿੰਗ ਰੱਖੀ ਗਈ ਹੈ।
ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ
1. ਸਹੋਤਾ ਨੇ ਬਾਦਲਾਂ ਨੂੰ ਕਲੀਨ ਚਿੱਟ ਦਿੱਤੀ:ਨਵਜੋਤ ਸਿੱਧੂ
ਚੰਡੀਗੜ੍ਹ: ਪ੍ਰਧਾਨਗੀ ਤੋਂ ਅਸਤੀਫਾ ਦੇ ਚੁੱਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਹੁਣ ਸਿੱਧੇ ਤੌਰ ‘ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੀਆਂ ਨਿਯੁਕਤੀਆਂ ‘ਤੇ ਸੁਆਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਇੱਕ ਟਵੀਟ ਕਰਕੇ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਦੀ ਨਿਯੁਕਤੀ ਬਾਰੇ ਸੁਆਲੀਆ ਨਿਸ਼ਾਨ ਲਗਾਇਆ ਹੈ। ਉਨ੍ਹਾਂ ਕਿਹਾ ਸਹੋਤਾ ਬਾਦਲਾਂ ਦੇ ਸਮੇਂ ਬੇਅਦਬੀ ਕੇਸਾਂ ਦੀ ਜਾਂਚ ਟੀਮ ਦੇ ਮੁਖੀ ਸੀ ਪਰ ਉਨ੍ਹਾਂ ਬਾਦਲਾਂ ਨੂੰ ਕਲੀਨ ਚਿੱਟ ਦੇ ਕੇ ਦੋ ਕਥਿਤ ਬੇਕਸੂਰ ਨੌਜਵਾਨਾਂ ਨੂੰ ਇਸ ਮਾਮਲੇ ਵਿੱਚ ਫਸਾ ਦਿੱਤਾ। ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਕਾਂਗਰਸੀ ਮੰਤਰੀਆਂ ਤੇ ਤੱਤਕਾਲੀ ਪ੍ਰਧਾਨ ਤੋਂ ਇਲਾਵਾ ਮੌਜੂਦਾ ਗ੍ਰਹਿ ਮੰਤਰੀ ਨੂੰ ਨਾਲ ਲੈ ਕੇ ਇਨ੍ਹਾਂ ਨੌਜਵਾਨਾਂ ਨੂੰ ਇਨਸਾਫ ਦਿਵਾਉਣ ਵਿੱਚ ਮਦਦ ਕਰਨ ਦਾ ਭਰੋਸਾ ਦਿੱਤਾ ਸੀ।
2. ਸਿੱਧੂ - ਚੰਨੀ ਮੀਟਿੰਗ ਖ਼ਤਮ, ਹਾਈ ਕਮਾਨ ਬਣਾਏਗੀ ਕਮੇਟੀ
ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਪੰਜਾਬ ਕਾਂਗਰਸ ਵਿੱਚ ਉਠੇ ਭੂਚਾਲ ਕਾਰਨ ਸ਼ੁਰੂ ਹੋਇਆ ਨਵਾਂ ਵਿਵਾਦ ਖਤਮ ਨਹੀਂ ਹੋਇਆ ਹੈ। ਚੰਨੀ ਦੇ ਸੱਦੇ ਨਵਜੋਤ ਸਿੱਧੂ ਪੰਜਾਬ ਭਵਨ ਵਿਖੇ ਮੀਟਿੰਗ ਕਰਨ ਪੁੱਜੇ। ਕੇਂਦਰੀ ਆਬਜ਼ਰਵਰ ਹਰੀਸ਼ ਚੌਧਰੀ ਦੀ ਮੌਜੂਦਗੀ ਵਿੱਚ ਦੋ ਘੰਟੇ ਤੱਕ ਚੱਲੀ ਮੀਟਿੰਗ ਉਪਰੰਤ ਹਾਲਾਂਕਿ ਕੁਝ ਵਿਧਾਇਕਾਂ ਦਾ ਮੰਨਣਾ ਸੀ ਕਿ ਸਿੱਧੂ ਨੂੰ ਮਨਾ ਲਿਆ ਗਿਆ ਹੈ ਪਰ ਦੂਜੇ ਪਾਸੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਨਵਾਂ ਬਿਆਨ ਦੇ ਦਿੱਤਾ ਹੈ ਕਿ ਮਸਲਾ ਸੁਲਝਾਉਣ ਨੂੰ ਇੱਕ ਹਫਤਾ ਲੱਗੇਗਾ। ਉਨ੍ਹਾਂ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਨ੍ਹਾਂ ਸੋਚਿਆ ਸੀ ਕਿ ਕੈਬਨਿਟ ਬਣਾਉਣ ਦੇ ਨਾਲ ਪੰਜਾਬ ਦਾ ਮਸਲਾ ਹੱਲ ਹੋ ਗਿਆ ਹੈ ਪਰ ਇਸ ਨੂੰ ਸੁਲਝਾਉਣ ਲਈ ਇੱਕ ਹਫਤਾ ਹੋਰ ਲੱਗੇਗਾ ਤੇ ਮਸਲਾ ਸੁਲਝਾਉਣ ਲਈ ਉਹ ਆਪ ਚੰਡੀਗੜ੍ਹ ਆ ਰਹੇ ਹਨ।
3. ਫਲੋਰ ਟੈਸਟ ਕਰਵਾਉਣ ਦਾ ਫੈਸਲਾ ਸਪੀਕਰ ਦਾ-ਕੈਪਟਨ
ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਭਾਜਪਾ(BJP) ਵਿੱਚ ਨਹੀਂ ਜਾ ਰਹੇ ਹਨ ਪਰ ਕਾਂਗਰਸ (Congress) ਵਿੱਚ ਵੀ ਨਹੀਂ ਰਹਿਣਗੇ। ਪੰਜਾਬ ਕਾਂਗਰਸ ਵਿੱਚ ਬਣੇ ਹਾਲਾਤ ਦੇ ਦੌਰਾਨ ਚੰਨੀ ਸਰਕਾਰ ‘ਤੇ ਵਿਧਾਨ ਸਭਾ ਵਿੱਚ ਬਹੁਮਤ ਸਾਬਤ ਕਰਨ ਦੀ ਨੌਬਤ ਆਉਣ ਦੀ ਸੰਭਾਵਨਾਵਾਂ ਬਾਰੇ ਪੁੱਛੇ ਇੱਕ ਸੁਆਲ ਦੇ ਜਵਾਬ ਵਿੱਚ ਉਨ੍ਹਾਂ ਮੀਡੀਆ ਨੂੰ ਅਜਿਹੇ ਘਟਨਾਕ੍ਰਮ ਦੇ ਵਾਪਰਨ ਤੋਂ ਇਨਕਾਰ ਨਹੀਂ ਕੀਤਾ, ਸਗੋਂ ਇਹ ਕਹਿ ਦਿੱਤਾ ਕਿ ਇਹ ਫੈਸਲਾ ਸਪੀਕਰ ਦਾ ਹੈ ਕਿ ਉਨ੍ਹਾਂ ਫਲੋਰ ਟੈਸਟ ਕਰਵਾਉਣਾ ਹੈ ਜਾਂ ਨਹੀਂ।
ਦਰਅਸਲ ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ ਕੀ ਅਜਿਹੇ ਹਾਲਾਤ ਵਿੱਚ ਪੰਜਾਬ ਦੀ ਸੱਤਾ ਧਿਰ ਹਿੱਸਿਆਂ ਵਿੱਚ ਵੰਡੀ ਜਾ ਸਕਦੀ ਹੈ ਤੇ ਅਜਿਹੇ ਵਿੱਚ ਸਰਕਾਰ ‘ਤੇ ਬਹੁਮਤ ਸਾਬਤ (Floor test) ਕਰਨ ਦੀ ਨੌਬਤ ਆ ਸਕਦੀ ਹੈ।