ਨਵੀਂ ਦਿੱਲੀ : ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੂੰ ਤੁਸੀਂ ਭਾਰਤੀ ਟੀਮ ਦੀ ਜ਼ਿਆਦਾਤਰ ਨਿੰਦਾ ਕਰਦੇ ਹੀ ਦੇਖਿਆ ਹੋਵੇਗਾ, ਪਰ ਇਸ ਵਾਰ ਮਾਈਕਲ ਵਾਨ ਵੀ ਭਾਰਤੀ ਟੀਮ ਦੇ ਖਿਡਾਰੀਆਂ ਦੀ ਤਾਰੀਫ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕੇ ਹਨ। ਕਪਤਾਨ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਦੀ ਸ਼ਾਨਦਾਰ ਬੱਲੇਬਾਜ਼ੀ ਨੇ ਮਾਈਕਲ ਵਾਨ ਦਾ ਦਿਲ ਜਿੱਤ ਲਿਆ ਹੈ। ਮਾਈਕਲ ਵਾਨ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਰੋਹਿਤ ਅਤੇ ਗਿੱਲ ਦੇ ਬੱਲੇਬਾਜ਼ੀ ਦੀ ਤਾਰੀਫ ਕੀਤੀ ਹੈ। ਟੀਮ ਇੰਡੀਆ ਦੀ ਬੱਲੇਬਾਜ਼ੀ ਦੀ ਥੋੜੀ ਜਿਹੀ ਝਲਕ ਦੇਖਦੇ ਹੋਏ ਮਾਈਕਲ ਨੇ ਇਸ ਨੂੰ ਆਗਾਮੀ ਵਨਡੇ ਵਿਸ਼ਵ ਕੱਪ 2023 ਦੇ ਜੇਤੂ ਵਜੋਂ ਰੈੱਡ ਹੌਟ ਫੇਵਰੇਟ ਕਰਾਰ ਦਿੱਤਾ ਹੈ। ਵਾਨ ਨੇ ਇਹ ਗੱਲ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਦੀ ਪਾਰੀ ਨੂੰ ਦੇਖ ਕੇ ਕਹੀ ਹੈ।
24 ਜਨਵਰੀ ਨੂੰ ਭਾਰਤ ਨੇ ਇੰਦੌਰ ਦੇ ਹੋਲਕਰ ਸਟੇਡੀਅਮ ਵਿੱਚ ਨਿਊਜ਼ੀਲੈਂਡ ਦੇ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਆਖਰੀ ਮੈਚ ਖੇਡਿਆ। ਇਸ ਮੈਚ 'ਚ ਭਾਰਤੀ ਸਲਾਮੀ ਬੱਲੇਬਾਜ਼ਾਂ ਨੇ 25 ਓਵਰਾਂ 'ਚ ਕਰੀਬ 200 ਦੌੜਾਂ ਬਣਾਈਆਂ। ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਸੈਂਕੜੇ ਲਗਾਏ। ਟੀਮ ਇੰਡੀਆ ਨੇ 50 ਓਵਰਾਂ 'ਚ 9 ਵਿਕਟਾਂ ਗੁਆ ਕੇ 385 ਦੌੜਾਂ ਬਣਾਈਆਂ। ਆਪਣੇ ਟੀਚੇ ਨੂੰ ਪੂਰਾ ਕਰਨ ਲਈ ਉਤਰੀ ਨਿਊਜ਼ੀਲੈਂਡ ਦੀ ਟੀਮ 41.2 ਓਵਰਾਂ 'ਚ 295 ਦੌੜਾਂ 'ਤੇ ਢੇਰ ਹੋ ਗਈ। ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ 90 ਦੌੜਾਂ ਨਾਲ ਹਰਾ ਕੇ ਸੀਰੀਜ਼ 'ਤੇ 3-0 ਨਾਲ ਕਬਜ਼ਾ ਕਰ ਲਿਆ। ਇਸ ਦੇ ਨਾਲ ਹੀ ਇਸ ਮੈਚ 'ਚ ਸਭ ਤੋਂ ਵੱਧ 360 ਦੌੜਾਂ ਬਣਾਉਣ ਤੋਂ ਬਾਅਦ ਸ਼ੁਭਮਨ ਗਿੱਲ ਨੇ 'ਪਲੇਅਰ ਆਫ ਦਿ ਸੀਰੀਜ਼' ਦਾ ਖਿਤਾਬ ਜਿੱਤਿਆ। ਇਸ ਨੂੰ ਦੇਖਦੇ ਹੋਏ ਮਾਈਕਲ ਵਾਨ ਨੇ ਟੀਮ ਇੰਡੀਆ ਦੀ ਕਾਫੀ ਤਾਰੀਫ ਕੀਤੀ ਹੈ।