ਨਵੀਂ ਦਿੱਲੀ:ਦਿੱਲੀ ਦੇ ਕੁਤਬ ਮੀਨਾਰ ਮੈਟਰੋ ਸਟੇਸ਼ਨ ਨੇੜੇ ਬਦਮਾਸ਼ ਅਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ ਹੈ। ਜਿਸ ਵਿੱਚ ਪੁਲਿਸ ਨੇ ਇੱਕ ਗੈਂਗਸਟਰ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਝੱਜਰ ਨਿਵਾਸੀ ਨੀਰਜ ਉਰਫ ਕਾਤੀਆ, ਹਰਿਆਣਾ ਵਜੋਂ ਹੋਈ ਹੈ। ਉਸ ਕੋਲੋਂ ਸੈਮੀ-ਆਟੋਮੈਟਿਕ ਪਿਸਤੌਲ, ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੂੰ ਗੈਂਗਸਟਰ ਦੇ ਇੱਥੇ ਹੋਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਸਪੈਸ਼ਲ ਸੈੱਲ ਨੇ ਕੁਤਬ ਮੀਨਾਰ ਮੈਟਰੋ ਸਟੇਸ਼ਨ ਨੇੜੇ ਜਾਲ ਵਿਛਾ ਦਿੱਤਾ। ਜਦੋਂ ਗੈਂਗਸਟਰ ਉੱਥੇ ਪਹੁੰਚਿਆ ਤਾਂ ਉਸ ਨੂੰ ਰੁਕਣ ਲਈ ਕਿਹਾ ਗਿਆ, ਜਿਸ ਤੋਂ ਬਾਅਦ ਉਸ ਨੇ ਗੋਲੀ ਚਲਾ ਦਿੱਤੀ। ਇਸ ਤੋਂ ਬਾਅਦ ਪੁਲਿਸ ਟੀਮ ਨੇ ਵੀ ਫਾਇਰਿੰਗ ਕੀਤੀ, ਇਸ ਦੌਰਾਨ ਦੋਵਾਂ ਪਾਸਿਆਂ ਤੋਂ ਕੁੱਲ ਚਾਰ ਰਾਊਂਡ ਗੋਲੀਬਾਰੀ ਹੋਈ। ਇਸ ਤੋਂ ਬਾਅਦ ਪੁਲਸ ਨੇ ਗੈਂਗਸਟਰ ਨੂੰ ਫੜ ਲਿਆ।
ਨੀਰਜ 'ਤੇ ਕਿੰਨੇ ਮਾਮਲੇ ਦਰਜ: ਡੀਸੀਪੀ ਸੰਜੀਵ ਯਾਦਵ ਅਨੁਸਾਰ ਨੀਰਜ ਉਰਫ਼ ਕਾਤੀਆ ਕਤਲ, ਕਤਲ ਦੀ ਕੋਸ਼ਿਸ਼, ਡਕੈਤੀ, ਫਿਰੌਤੀ ਲਈ ਅਗਵਾ, ਧਮਕੀਆਂ ਦੇਣ ਦੇ ਕਈ ਮਾਮਲਿਆਂ ਵਿੱਚ ਸ਼ਾਮਲ ਹੈ। ਇਸ ਤੋਂ ਇਲਾਵਾ ਆਨੰਦ ਪਰਵਤ, ਦਿੱਲੀ ਦੇ ਸਦਰ ਬਾਜ਼ਾਰ, ਹਰਿਆਣਾ ਦੇ ਗੁਰੂਗ੍ਰਾਮ, ਝੱਜਰ, ਰਾਜਸਥਾਨ ਦੇ ਅਲਵਰ ਵਿੱਚ ਵੀ ਕੇਸ ਦਰਜ ਕੀਤੇ ਗਏ ਹਨ। ਉਹ ਦੀਪਕ ਮੁੰਡੀ ਦਾ ਸਾਥੀ ਹੈ, ਜਿਸ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਸਰਗਰਮ ਮੈਂਬਰ ਦੱਸਿਆ ਜਾਂਦਾ ਹੈ । ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਖ਼ਿਲਾਫ਼ ਕਤਲ, ਇਰਾਦਾ ਕਤਲ, ਡਕੈਤੀ, ਅਗਵਾ, ਆਰਮਜ਼ ਐਕਟ ਦੇ ਪੰਜ ਕੇਸ ਦਰਜ ਹਨ। ਕੁੱਲ 25 ਕੇਸ ਪਹਿਲਾਂ ਹੀ ਚੱਲ ਰਹੇ ਹਨ।