ਪੈਰਿਸ: ਫਰਾਂਸ ਵਿੱਚ ਮੌਜੂਦਾ ਰਾਸ਼ਟਰਪਤੀ (current president of France) ਇਮੈਨੁਅਲ ਮੈਕਰੋਨ ਨੇ ਰਾਸ਼ਟਰਪਤੀ ਚੋਣ ਜਿੱਤ ਲਈ ਹੈ। ਮੈਕਰੋਨ ਲਗਾਤਾਰ ਦੂਜੀ ਵਾਰ ਰਾਸ਼ਟਰਪਤੀ ਚੁਣੇ ਗਏ ਹਨ। ਰਾਸ਼ਟਰਪਤੀ ਚੋਣਾਂ ਵਿੱਚ ਉਨ੍ਹਾਂ ਨੇ ਸੱਜੇ ਪੱਖੀ ਆਗੂ ਮਰੀਨ ਲੇ ਪੇਨ ਨੂੰ ਹਰਾਇਆ ਸੀ। ਸਥਾਨਕ ਮੀਡੀਆ ਮੁਤਾਬਕ ਫਰਾਂਸ ਦੇ ਰਾਸ਼ਟਰਪਤੀ ਚੋਣ 'ਚ ਇਮੈਨੁਅਲ ਮੈਕਰੋਨ ਨੇ 58.2 ਫੀਸਦੀ ਵੋਟਾਂ ਹਾਸਲ ਕੀਤੀਆਂ ਅਤੇ ਦੂਜੀ ਵਾਰ ਜਿੱਤ ਦਰਜ ਕੀਤੀ। ਫਰਾਂਸ 24 ਨੇ ਇਪਸੋਸ ਪੋਲਿੰਗ ਇੰਸਟੀਚਿਊਟ ਦੇ ਇੱਕ ਅੰਦਾਜ਼ੇ ਦੇ ਹਵਾਲੇ ਨਾਲ ਕਿਹਾ ਕਿ ਮਰੀਨ ਲੇ ਪੇਨ ਨੇ ਇਸ ਚੋਣ ਵਿੱਚ 41.8 ਫੀਸਦੀ ਵੋਟਾਂ ਹਾਸਲ ਕੀਤੀਆਂ।
ਦੱਸ ਦੇਈਏ ਕਿ ਐਤਵਾਰ ਨੂੰ ਵੋਟਿੰਗ ਪੂਰੀ ਹੋਣ ਤੋਂ ਬਾਅਦ ਵੱਖ-ਵੱਖ ਪੋਲਿੰਗ ਏਜੰਸੀਆਂ ਨੇ ਵੀ ਮੈਕਰੋਨ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਸੀ। ਮੈਕਰੋਨ, 44, ਪਿਛਲੇ 20 ਸਾਲਾਂ ਵਿੱਚ ਲਗਾਤਾਰ ਦੂਜੀ ਵਾਰ ਸੇਵਾ ਕਰਨ ਵਾਲੇ ਪਹਿਲੇ ਫਰਾਂਸ ਦੇ ਰਾਸ਼ਟਰਪਤੀ ਬਣ ਗਏ ਹਨ। 2002 ਵਿੱਚ ਰਿਪਬਲਿਕਨ ਪਾਰਟੀ ਦੇ ਜੈਕ ਸ਼ਿਰਾਕ ਦੇ ਮੁੜ ਚੁਣੇ ਜਾਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਇੱਕ ਫਰਾਂਸੀਸੀ ਰਾਸ਼ਟਰਪਤੀ ਨੇ ਆਪਣੀ ਸਰਕਾਰੀ ਰਿਹਾਇਸ਼, ਐਲੀਸੀ ਪੈਲੇਸ ਨੂੰ ਬਰਕਰਾਰ ਰੱਖਿਆ ਹੈ।
ਪੀਐਮ ਮੋਦੀ ਨੇ ਵਧਾਈ ਦਿੱਤੀ :ਰਾਸ਼ਟਰਪਤੀ ਚੋਣ ਵਿੱਚ ਮੈਕਰੋਨ ਦੀ ਜਿੱਤ ਤੋਂ ਬਾਅਦ ਵਿਸ਼ਵ ਨੇਤਾਵਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਮੈਕਰੋਨ ਨੂੰ ਅੰਗਰੇਜ਼ੀ ਅਤੇ ਫ੍ਰੈਂਚ ਵਿੱਚ ਟਵੀਟ ਕਰਕੇ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੂੰ ਮੁੜ ਚੋਣ ਜਿੱਤਣ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕੀਤਾ, ''ਮੇਰੇ ਦੋਸਤ ਇਮੈਨੁਅਲ ਮੈਕਰੋਨ ਨੂੰ ਫਰਾਂਸ ਦੇ ਰਾਸ਼ਟਰਪਤੀ ਦੇ ਰੂਪ 'ਚ ਦੁਬਾਰਾ ਚੁਣੇ ਜਾਣ 'ਤੇ ਵਧਾਈ। ਮੈਂ ਭਾਰਤ-ਫਰਾਂਸੀਸੀ ਰਣਨੀਤਕ ਭਾਈਵਾਲੀ ਨੂੰ ਡੂੰਘਾ ਕਰਨ ਲਈ ਮਿਲ ਕੇ ਕੰਮ ਕਰਨਾ ਜਾਰੀ ਰੱਖਣ ਦੀ ਉਮੀਦ ਕਰਦਾ ਹਾਂ।
ਮਰੀਨ ਲੇ ਪੇਨੇ ਨੇ ਹਾਰ ਸਵੀਕਾਰ ਕੀਤੀ:ਇਸ ਦੌਰਾਨ ਸੱਜੇ ਪੱਖੀ ਆਗੂ ਮਰੀਨ ਲੇ ਪੇਨ ਨੇ ਰਾਸ਼ਟਰਪਤੀ ਚੋਣ ਵਿੱਚ ਹਾਰ ਮੰਨ ਲਈ ਹੈ। ਪੇਨ ਨੇ ਕਿਹਾ ਕਿ ਰਾਸ਼ਟਰਪਤੀ ਚੋਣਾਂ ਵਿੱਚ ਉਸਦਾ ਸ਼ਾਨਦਾਰ ਪ੍ਰਦਰਸ਼ਨ "ਆਪਣੇ ਆਪ ਵਿੱਚ ਇੱਕ ਸ਼ਾਨਦਾਰ ਜਿੱਤ" ਨੂੰ ਦਰਸਾਉਂਦਾ ਹੈ। ਪੰਜ ਸਾਲ ਪਹਿਲਾਂ ਮੈਕਰੋਨ ਨੇ ਲੇ ਪੇਨ ਨੂੰ ਹਰਾ ਕੇ 39 ਸਾਲ ਦੀ ਉਮਰ ਵਿੱਚ ਫਰਾਂਸ ਦੇ ਸਭ ਤੋਂ ਨੌਜਵਾਨ ਰਾਸ਼ਟਰਪਤੀ ਬਣਨ ਦਾ ਮਾਣ ਹਾਸਲ ਕੀਤਾ ਸੀ। ਲੇ ਪੇਨ ਲਗਾਤਾਰ ਦੋ ਵਾਰ ਮੈਕਰੋਨ ਤੋਂ ਹਾਰ ਚੁੱਕੇ ਹਨ, ਪਰ ਪੰਜ ਸਾਲ ਪਹਿਲਾਂ ਦੇ ਮੁਕਾਬਲੇ ਉਨ੍ਹਾਂ ਦੀਆਂ ਵੋਟਾਂ ਦੀ ਗਿਣਤੀ ਵਧੀ ਹੈ।