ਚੰਡੀਗੜ੍ਹ: ਭਾਰਤੀ ਚੋਣ ਕਮਿਸ਼ਨ ਵਲੋਂ 15 ਸੂਬਿਆਂ 'ਚ 57 ਰਾਜ ਸਭਾ ਸੀਟਾਂ ਦੀ ਚੋਣ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਵਲੋਂ 10 ਜੂਨ ਨੂੰ ਇੰਨ੍ਹਾਂ ਰਾਜ ਸਭਾ ਸੀਟਾਂ ਲਈ ਚੋਣ ਤਰੀਕ ਦਾ ਐਲਾਨ ਕੀਤਾ ਗਿਆ ਹੈ। ਜਿਸ 'ਚ ਪੰਜਾਬ ਦੀਆਂ ਦੋ ਰਾਜ ਸਭਾ ਸੀਟਾਂ ਵੀ ਸ਼ਾਮਲ ਹਨ।
ਇਹ ਦੋ ਸੀਟਾਂ ਕਾਂਗਰਸ ਤੋਂ ਅੰਬਿਕਾ ਸੋਨੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬਲਵਿੰਦਰ ਸਿੰਘ ਭੂੰਦੜ ਦਾ ਕਾਰਜਕਾਲ ਖਤਮ ਹੋਣ ਕਾਰਨ ਖਾਲੀ ਹੋ ਰਹੀਆਂ ਹਨ। ਇੰਨਾਂ ਦੋਵਾਂ ਦੀ ਮਿਆਦ 4 ਜੁਲਾਈ ਨੂੰ ਖਤਮ ਹੋ ਰਹੀ ਹੈ।
ਇਨ੍ਹਾਂ ਚੋਣਾਂ ਲਈ ਨਾਮਜ਼ਦਗੀਆਂ 24 ਮਈ ਤੋਂ 31 ਮਈ ਤੱਕ ਭਰੀਆਂ ਜਾਣਗੀਆਂ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 1 ਜੂਨ ਨੂੰ ਕੀਤੀ ਜਾਵੇਗੀ। ਉਸ ਤੋਂ ਬਾਅਦ ਜੇਕਰ ਲੋੜ ਪਈ ਤਾਂ 10 ਜੂਨ ਨੂੰ ਇੰਨ੍ਹਾਂ ਸੀਟਾਂ ਲਈ ਵੋਟਾਂ ਪੈਣਗੀਆਂ।
ਹਾਲਾਂਕਿ ਜਿਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਨੂੰ ਵਿਧਾਨਸਭਾ ਚੋਣਾਂ 'ਚ ਪੰਜਾਬ ਦੀਆਂ 117 'ਚੋਂ 92 ਸੀਟਾਂ ਮਿਲੀਆਂ ਹਨ, ਉਸ ਤੋਂ ਬਾਅਦ ਦੋਵੇਂ ਸੀਟਾਂ ਉਨ੍ਹਾਂ ਦੇ ਖਾਤੇ 'ਚ ਜਾਣੀਆਂ ਤੈਅ ਹਨ। ਇਸ ਤੋਂ ਪਹਿਲਾਂ ਵੀ 5 ਸੀਟਾਂ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਗਈਆਂ ਸਨ। ਜਿਸ 'ਚ ਬਿਨਾਂ ਚੋਣਾਂ ਦੇ ਆਪ ਦੇ 5 ਰਾਜ ਸਭਾ ਮੈਂਬਰ ਬਣੇ ਸਨ।
ਇਸ ਤੋਂ ਪਹਿਲਾਂ ਪੰਜਾਬ 'ਚ ਰਾਜ ਸਭਾ ਦੀਆਂ 5 ਸੀਟਾਂ ਵੀ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਗਈਆਂ ਸਨ। ਇਨ੍ਹਾਂ ਵਿੱਚ ਰਾਘਵ ਚੱਢਾ, ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਸੰਦੀਪ ਪਾਠਕ, ਸੰਜੀਵ ਅਰੋੜਾ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਅਸ਼ੋਕ ਮਿੱਤਲ ਨੂੰ ‘ਆਪ’ ਵੱਲੋਂ ਰਾਜ ਸਭਾ ਭੇਜਿਆ ਗਿਆ ਸੀ।
ਗੌਰਤਲਬ ਹੈ ਕਿ ਇਸ ਵਾਰ ਆਮ ਆਦਮੀ ਪਾਰਟੀ ਕਿੰਨਾਂ ਚਿਹਰਿਆਂ 'ਤੇ ਦਾਅ ਖੇਡਦਿਆਂ ਰਾਜ ਸਭਾ ਭੇਜੇਗੀ ਇਹ ਦੇਖਣਾ ਹੋਵੇਗਾ, ਕਿਉਂਕਿ ਆਪ ਵਲੋਂ ਪਿਛਲੀ ਵਾਰ ਜਦੋਂ ਰਾਜ ਸਭਾ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਸੀ ਤਾਂ ਵਿਰੋਧੀ ਪਾਰਟੀਆਂ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ। ਪਰ ਇਸ ਦੇ ਉਲਟ ਆਮ ਆਦਮੀ ਪਾਰਟੀ ਵਲੋਂ ਬਿਨਾਂ ਕਿਸੇ ਡਰ ਤੋਂ ਆਪਣੇ ਉਮੀਦਵਾਰਾਂ ਨੂੰ ਰਾਜ ਸਭਾ ਪਹੁੰਚਾਇਆ ਸੀ। ਹੁਣ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਰਾਜ ਸਭਾ ਦੀਆਂ ਸੀਟਾਂ ਦੀ ਮਿਆਦ ਖ਼ਤਮ ਹੋਵੇਗੀ ਜਿਸ ਤੋਂ ਬਾਅਦ ਇਹ ਤੈਅ ਮੰਨਿਆ ਜਾ ਰਿਹਾ ਹੈ ਕਿ ਸੱਤ ਦੇ ਸੱਤ ਰਾਜ ਸਭਾ ਮੈਂਬਰ ਹੁਣ ਆਮ ਆਦਮੀ ਪਾਰਟੀ ਦੇ ਹੀ ਹੋਣਗੇ।
ਇਹ ਵੀ ਪੜ੍ਹੋ:ਈਟੀਵੀ ਭਾਰਤ ਵੱਲੋਂ ਖ਼ਬਰ ਨਸ਼ਰ ਕਰਨ ਤੋਂ ਬਾਅਦ ਹਰਕਤ ’ਚ ਆਇਆ ਪ੍ਰਸ਼ਾਸਨ, ਏਡੀਸੀ ਨੇ ਕੀਤੀ ਮੁਲਾਕਾਤ