ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚੇ ਵਲੋਂ ਪੰਜ ਸੂਬਿਆਂ ਦੇ ਵਿਧਾਨਸਭਾ ਚੋਣ ਨਤੀਜਿਆਂ ਨੂੰ ਲੈਕੇ ਜਨਤਾ ਵਲੋਂ ਭਾਜਪਾ ਖਿਲਾਫ਼ ਦਿੱਤੇ ਫ਼ਤਵੇ ਦਾ ਸਵਾਗਤ ਕੀਤਾ ਹੈ। ਪੱਛਮ ਬੰਗਾਲ, ਤਾਮਿਲਨਾਡੂ ਅਤੇ ਕੇਰਲ 'ਚ ਸਮੱਸ਼ਟ ਹੋ ਚੁੱਕਿਆ ਹੈ ਕਿ ਲੋਕਾਂ ਵਲੋਂ ਭਾਜਪਾ ਦੀ ਫੁੱਟ ਪਾਉਣ ਵਾਲੀ ਫਿਰਕੂ ਰਾਜਨੀਤੀ ਨੂੰ ਰੱਦ ਕਰ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚੇ ਦਾ ਕਹਿਣਾ ਕਿ ਜਦੋਂ ਦੇਸ਼ ਸਿਹਤ ਸੰਭਾਲ ਬੁਨਿਆਦੀ ਢਾਂਚੇ 'ਚ ਮੰਦਹਾਲੀ ਦਾ ਸਾਹਮਣਾ ਕਰ ਰਿਹਾ ਹੈ, ਬਹੁਤ ਸਾਰੇ ਲੋਕ ਯੋਜਨਾਵਾਂ ਦੀ ਘਾਟ ਕਾਰਨ ਸਰਕਾਰ ਦਾ ਸ਼ਿਕਾਰ ਹੋ ਰਹੇ ਹਨ ਅਤੇ ਰੋਜ਼ੀ-ਰੋਟੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਭਾਜਪਾ ਨੇ ਆਪਣਾ ਫਿਰਕੂ ਧਰੁਵੀਕਰਨ ਏਜੰਡਾ ਫੈਲਾਉਣ ਦੀ ਕੋਸ਼ਿਸ਼ ਕੀਤੀ। ਭਾਜਪਾ ਵਲੋਂ ਸੰਸਥਾਗਤ ਹਮਲਿਆਂ ਅਤੇ ਚੋਣ ਕਮਿਸ਼ਨ ਦੀ ਮਿਲੀਭੁਗਤ ਨਾਲ ਚੋਣ ਜਿੱਤਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਦਾ ਕਹਿਣਾ ਕਿ ਭਾਜਪਾ ਵਲੋਂ ਕੀਤੀ ਮਿਹਨਤ ਤੋਂ ਬਾਅਦ ਵੀ ਲੋਕਾਂ ਨੇ ਉਨ੍ਹਾਂ ਦੇ ਏਜੰਡੇ ਨੂੰ ਰੱਦ ਕਰ ਦਿੱਤਾ ਹੈ।
ਕਿਸਾਨਾਂ ਦਾ ਕਹਿਣਾ ਕਿ ਕਿਸਾਨ ਅੰਦੋਲਨ ਜਨ ਅੰਦੋਲਨ ਹੈ, ਇਹ ਸਭ ਦਾ ਸਾਂਝਾ ਅੰਦੋਲਨ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਇਨ੍ਹਾਂ ਸੂਬਿਆਂ 'ਚ ਸਰਕਾਰ ਵਲੋਂ ਲੋਕ ਮੁੱਦਿਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦਾ ਜਨਤਾ ਵਲੋਂ ਜਵਾਬ ਦਿੱਤਾ ਗਿਆ। ਨਾਲ ਹੀ ਸੰਯੁਕਤ ਕਿਸਾਨ ਮੋਰਚੇ ਵਲੋਂ ਅਪੀਲ ਵੀ ਕੀਤੀ ਕਿ ਹੁਣ ਵੱਧ ਚੜ੍ਹ ਕੇ ਅੰਦੋਲਨ ਦਾ ਹਿੱਸਾ ਬਣਨ। ਉਨ੍ਹਾਂ ਦਾ ਕਹਿਣਾ ਕਿ ਕਿਸਾਨ ਆਪਣੀਆਂ ਮੰਗਾਂ ਪੂਰੀਆਂ ਹੋਣ ਤੱਕ ਖੁਦ ਨੂੰ ਮਜ਼ਬੂਤ ਕਰਨਗੇ।
ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚੇ ਦਾ ਕਹਿਣਾ ਕਿ ਭਾਜਪਾ ਨੂੰ ਚਾਹੀਦਾ ਹੈ ਕਿ ਨਤੀਜਿਆਂ ਨੂੰ ਸਵੀਕਾਰ ਕਰਦਿਆਂ ਕਿਸਾਨਾਂ ਨਾਲ ਗੱਲਬਾਤ ਕਰਕੇ ਤਿੰਨ ਖੇਤੀ ਕਾਨੂੰਨ ਰੱਦ ਕਰਨ ਅਤੇ ਐੱਮ.ਐੱਸ.ਪੀ 'ਤੇ ਕਾਨੂੰਨੀ ਗਰੰਟੀ ਦੇਵੇ। ਉਨ੍ਹਾਂ ਦਾ ਕਹਿਣਾ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਅੰਦੋਲਨ ਜਾਰੀ ਰਹੇਗਾ ਅਤੇ ਭਾਜਪਾ ਦਾ ਵਿਰੋਧ ਵੀ ਜਾਰੀ ਰਹੇਗਾ। ਉਨ੍ਹਾਂ ਦਾ ਕਹਿਣਾ ਕਿ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਆਪਣਾ ਦੁਸ਼ਮਣ ਬਣਾਉਣ ਦੀ ਥਾਂ ਕੋਰੋਨਾ ਅਤੇ ਹੋਰ ਆਰਥਿਕ ਸੰਕਟ ਨਾਲ ਲੜੇ।