ਨਵੀਂ ਦਿੱਲੀ: ਪੰਜ ਰਾਜਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ ਹੋਣ ਵਾਲੀ ਹੈ। ਪਹਿਲੇ ਪੜਾਅ 'ਚ 7 ਨਵੰਬਰ ਨੂੰ ਵੋਟਿੰਗ ਹੋਵੇਗੀ। ਸਾਰੀਆਂ ਸਿਆਸੀ ਪਾਰਟੀਆਂ ਆਪੋ-ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਵਿੱਚ ਜੁਟੀਆਂ ਹੋਈਆਂ ਹਨ। ਅਜਿਹੇ ਚੋਣ ਮਾਹੌਲ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਘੁਟਾਲੇ ਵਿੱਚ ਪੁੱਛਗਿੱਛ ਲਈ ਤਲਬ ਕੀਤਾ ਹੈ। ਉਨ੍ਹਾਂ ਨੂੰ 2 ਨਵੰਬਰ ਨੂੰ ਦਫ਼ਤਰ ਵਿੱਚ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਨੇਤਾ ਭਾਜਪਾ 'ਤੇ ਹਮਲੇ ਕਰ ਰਹੇ ਹਨ। ਮੰਗਲਵਾਰ ਨੂੰ ਦਿਨ ਭਰ ਆਮ ਆਦਮੀ ਪਾਰਟੀ ਦੇ ਆਗੂ ਮੁੱਖ ਮੰਤਰੀ ਦੀ ਗ੍ਰਿਫਤਾਰੀ ਨੂੰ ਲੈ ਕੇ ਖਦਸ਼ਾ ਪ੍ਰਗਟਾਉਂਦੇ ਨਜ਼ਰ ਆਏ। ਅਜਿਹੇ 'ਚ ਸਿਆਸੀ ਹਲਕਿਆਂ 'ਚ ਨਵੇਂ ਮੁੱਖ ਮੰਤਰੀ ਦੇ ਨਾਂ ਦੀ ਚਰਚਾ ਵੀ ਸ਼ੁਰੂ ਹੋ ਗਈ ਹੈ।
'ਆਪ' ਦੀਆਂ ਵਧ ਰਹੀਆਂ ਹਨ ਮੁਸ਼ਕਿਲਾਂ:ਦਿੱਲੀ ਦੇ ਕਥਿਤ ਸ਼ਰਾਬ ਘੁਟਾਲੇ ਵਿੱਚ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਪਹਿਲਾਂ ਹੀ ਜੇਲ੍ਹ ਵਿੱਚ ਹਨ। ਸਤੇਂਦਰ ਜੈਨ ਮਨੀ ਲਾਂਡਰਿੰਗ ਮਾਮਲੇ 'ਚ ਉਨ੍ਹਾਂ ਤੋਂ ਪਹਿਲਾਂ ਤਿਹਾੜ ਗਏ ਸੀ। ਸੋਮਵਾਰ ਨੂੰ ਹੀ ਸੁਪਰੀਮ ਕੋਰਟ ਨੇ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ ਅਤੇ ਸ਼ਾਮ ਨੂੰ ਹੀ ਈਡੀ ਨੇ ਮੁੱਖ ਮੰਤਰੀ ਕੇਜਰੀਵਾਲ ਨੂੰ ਸੰਮਨ ਭੇਜ ਕੇ ਪੁੱਛਗਿੱਛ ਲਈ ਬੁਲਾਇਆ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਮੰਗਲਵਾਰ ਨੂੰ ਆਮ ਆਦਮੀ ਪਾਰਟੀ ਦੇ ਚੋਟੀ ਦੇ ਨੇਤਾ ਅਤੇ ਮੰਤਰੀ ਆਤਿਸ਼ੀ, ਸੌਰਭ ਭਾਰਦਵਾਜ, ਗੋਪਾਲ ਰਾਏ, ਦਲੀਪ ਪਾਂਡੇ ਇਕ ਤੋਂ ਬਾਅਦ ਇਕ ਪਾਰਟੀ ਦਫਤਰ ਪਹੁੰਚੇ ਅਤੇ ਪ੍ਰੈੱਸ ਕਾਨਫਰੰਸ ਕੀਤੀ। ਆਗੂਆਂ ਨੇ ਆਪਣੇ ਆਗੂ ਕੇਜਰੀਵਾਲ ਦੇ ਹੱਕ ਵਿੱਚ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੀ ਨੀਅਤ ’ਤੇ ਸਵਾਲ ਉਠਾਉਂਦਿਆਂ ਆਪਣੇ ਵਿਚਾਰ ਪ੍ਰਗਟ ਕੀਤੇ। ਜੇਕਰ ਦੇਖਿਆ ਜਾਵੇ ਤਾਂ ਅਰਵਿੰਦ ਕੇਜਰੀਵਾਲ ਮੁਸੀਬਤ ਵਿੱਚ ਹਨ। ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਆਮ ਆਦਮੀ ਪਾਰਟੀ ਦੇ ਸਾਰੇ ਨੇਤਾਵਾਂ ਨੇ ਈਡੀ ਵਲੋਂ ਪੁੱਛਗਿੱਛ ਅਤੇ ਉਸ ਤੋਂ ਬਾਅਦ ਉਨ੍ਹਾਂ ਦੀ ਗ੍ਰਿਫਤਾਰੀ ਦਾ ਖਦਸ਼ਾ ਪ੍ਰਗਟਾਇਆ। ਹਾਲਾਂਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ 'ਤੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ।
ਪਹਿਲਾਂ ਵੀ ਹੋਈ ਸੀ ਪੁੱਛਗਿੱਛ : ਸ਼ਰਾਬ ਘੁਟਾਲੇ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਨੇ ਪਿਛਲੇ ਅਪ੍ਰੈਲ ਮਹੀਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਵੀ ਪੁੱਛਗਿੱਛ ਕੀਤੀ ਸੀ। ਫਿਰ ਆਪਣੇ ਨੇਤਾ ਦਾ ਸਮਰਥਨ ਕਰਨ ਲਈ ਦਿੱਲੀ ਹੀ ਨਹੀਂ ਪੰਜਾਬ ਦੇ ਮੁੱਖ ਮੰਤਰੀ ਅਤੇ ਸਾਰੇ ਵਿਧਾਇਕ, ਸੰਸਦ ਮੈਂਬਰ ਅਤੇ ਹੋਰ ਆਗੂ ਵੀ ਦਿੱਲੀ ਪਹੁੰਚ ਗਏ ਸਨ। ਸਾਰੇ ਆਗੂ ਕੇਜਰੀਵਾਲ ਦੇ ਕਾਫਲੇ ਦੇ ਨਾਲ ਸੀਬੀਆਈ ਹੈੱਡਕੁਆਰਟਰ ਵੀ ਗਏ। ਇਸ ਵਾਰ ਜਦੋਂ 2 ਨਵੰਬਰ ਨੂੰ ਅਰਵਿੰਦ ਕੇਜਰੀਵਾਲ ਆਪਣੇ ਘਰ ਤੋਂ ਈਡੀ ਦਫਤਰ ਜਾਣਗੇ ਤਾਂ ਦੇਖਣਾ ਇਹ ਹੋਵੇਗਾ ਕਿ ਉਨ੍ਹਾਂ ਦੇ ਨਾਲ ਕੌਣ-ਕੌਣ ਹੋਵੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਰਾਬ ਘੁਟਾਲੇ 'ਚ ਵੀਰਵਾਰ ਨੂੰ ਅਰਵਿੰਦ ਕੇਜਰੀਵਾਲ ਜਦੋਂ ਈ.ਡੀ ਦਫਤਰ ਜਾਣਗੇ ਤਾਂ ਪਾਰਟੀ ਦੇ ਸਾਰੇ ਸੰਸਦ ਮੈਂਬਰ, ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਕੈਲਾਸ਼ ਗਹਿਲੋਤ, ਸੌਰਭ ਭਾਰਦਵਾਜ, ਆਤਿਸ਼ੀ, ਰਾਜਕੁਮਾਰ ਆਨੰਦ, ਇਮਾਮ ਹੁਸੈਨ ਅਤੇ ਗੋਪਾਲ ਰਾਏ ਵੀ ਉਨ੍ਹਾਂ ਦੇ ਨਾਲ ਹੋਣਗੇ।
ਆਮ ਆਦਮੀ ਪਾਰਟੀ ਮੁਸ਼ਕਿਲ 'ਚ ਹੈ। ਆਪ ਦੀ ਮੌਜੂਦਾ ਸਥਿਤੀ ਤੋਂ ਕਾਂਗਰਸ ਅਤੇ ਭਾਜਪਾ ਨੂੰ ਫਾਇਦਾ ਮਿਲਣ ਦੀ ਸੰਭਾਵਨਾ ਹੈ। 'ਆਪ' ਲੀਡਰਾਂ ਨੂੰ ਡਰ ਸਤਾ ਰਿਹਾ ਹੈ ਕਿ ਕੇਜਰੀਵਾਲ ਨੂੰ ਵੀ ਕਿਤੇ ਗ੍ਰਿਫ਼ਤਾਰ ਨਾ ਕਰ ਲਿਆ ਜਾਵੇ। ਜਗਦੀਸ਼ ਮਮਗਾਈਂ,ਸਿਆਸੀ ਵਿਸ਼ਲੇਸ਼ਕ
ਆਗੂਆਂ 'ਚ ਸਤਾ ਰਿਹਾ ਡਰ : ਸਿਆਸੀ ਵਿਸ਼ਲੇਸ਼ਕ ਜਗਦੀਸ਼ ਮਮਗਾਈਂ ਦਾ ਕਹਿਣਾ ਹੈ ਕਿ ਕੁੱਲ ਮਿਲਾ ਕੇ 'ਆਪ' ਮੁਸੀਬਤ 'ਚ ਹੈ। ਇਸ ਮੁਸ਼ਕਲ ਤੋਂ ਕਾਂਗਰਸ ਅਤੇ ਭਾਜਪਾ ਨੂੰ ਸਿਆਸੀ ਲਾਭ ਮਿਲਣ ਦੀ ਸੰਭਾਵਨਾ ਵਧ ਗਈ ਹੈ। ਇਸ ਦੀ ਸਿਆਸੀ ਹਲਕਿਆਂ ਵਿੱਚ ਚਰਚਾ ਹੈ। ਕਿਉਂਕਿ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਪਿਛਲੇ ਮਹੀਨਿਆਂ ਵਿੱਚ ਅਰਵਿੰਦ ਕੇਜਰੀਵਾਲ, ਭਗਵੰਤ ਮਾਨ, ਸੰਜੇ ਸਿੰਘ ਆਦਿ ਨੇ ਚੋਣਵੇਂ ਰਾਜਾਂ ਵਿੱਚ ਜਾ ਕੇ ਮੀਟਿੰਗਾਂ, ਰੋਡ-ਸ਼ੋਅ, ਟਾਊਨ ਹਾਲ ਆਦਿ ਪ੍ਰੋਗਰਾਮ ਕੀਤੇ। ਉਹ ਪਿਛਲੇ ਕੁਝ ਦਿਨਾਂ ਤੋਂ ਦਿੱਲੀ ਵਿੱਚ ਡੇਰੇ ਲਾਏ ਹੋਏ ਹਨ।
ਪੰਜਾਬ, ਗੁਜਰਾਤ ਅਤੇ ਗੋਆ ਵਿੱਚ ਜਿਸ ਹਮਲਾਵਰਤਾ ਨਾਲ ਆਮ ਆਦਮੀ ਪਾਰਟੀ ਨੇ ਚੋਣਾਂ ਲੜੀਆਂ ਸਨ, ਉਹ ਇਨ੍ਹਾਂ ਪੰਜ ਰਾਜਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਨਜ਼ਰ ਨਹੀਂ ਆ ਰਿਹਾ ਅਤੇ ਇਸ ਦਾ ਫਾਇਦਾ ਕਾਂਗਰਸ ਅਤੇ ਭਾਜਪਾ ਨੂੰ ਹੋਵੇਗਾ। ਹਾਲਾਂਕਿ ਪਿਛਲੇ ਸਾਲ ਅਗਸਤ ਵਿੱਚ ਸ਼ਰਾਬ ਘੁਟਾਲੇ ਵਿੱਚ ਸੀਬੀਆਈ ਵੱਲੋਂ ਦਰਜ ਐਫਆਈਆਰ ਵਿੱਚ ਅਰਵਿੰਦ ਕੇਜਰੀਵਾਲ ਨੂੰ ਮੁਲਜ਼ਮ ਨਹੀਂ ਬਣਾਇਆ ਗਿਆ ਸੀ। ਹੁਣ ਈਡੀ ਨੇ ਉਨ੍ਹਾਂ ਨੂੰ ਉਸੇ ਮਾਮਲੇ ਵਿੱਚ ਸੰਮਨ ਭੇਜਿਆ ਹੈ, ਜਿਸ ਵਿੱਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਇਸ ਸਾਲ 4 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸੇ ਕਰਕੇ ‘ਆਪ’ ਆਗੂਆਂ ਨੂੰ ਡਰ ਹੈ ਕਿ ਕੇਜਰੀਵਾਲ ਵੀ ਗ੍ਰਿਫ਼ਤਾਰ ਹੋ ਸਕਦੇ ਹਨ।