ਨਵੀਂ ਦਿੱਲੀ:ਪੱਛਮੀ ਬੰਗਾਲ 'ਚ ਕਥਿਤ ਕੋਲਾ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਤ੍ਰਿਣਮੂਲ ਕਾਂਗਰਸ ਦੇ ਨੇਤਾ ਅਤੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਅਤੇ ਉਨ੍ਹਾਂ ਦੀ ਪਤਨੀ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਤੇ ਤ੍ਰਿਣਮੂਲ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਅਤੇ ਉਨ੍ਹਾਂ ਦੀ ਪਤਨੀ ਰੁਜੀਰਾ ਬੈਨਰਜੀ ਨੂੰ ਅਗਲੇ ਹਫਤੇ ਇੱਥੇ ਜਾਂਚ ਅਧਿਕਾਰੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।
ਦਿੱਲੀ ਹਾਈ ਕੋਰਟ ਨੇ 11 ਮਾਰਚ ਨੂੰ ਉਸ ਨੂੰ ਡਾਇਰੈਕਟੋਰੇਟ ਸਾਹਮਣੇ ਪੇਸ਼ ਹੋਣ ਲਈ ਜਾਰੀ ਕੀਤੇ ਸੰਮਨ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਇਸ ਤੋਂ ਪਹਿਲਾਂ ਪਿਛਲੇ ਸਾਲ 10 ਸਤੰਬਰ ਨੂੰ ਜੋੜੇ ਨੂੰ ਸੰਮਨ ਜਾਰੀ ਕੀਤੇ ਗਏ ਸਨ ਅਤੇ ਉਨ੍ਹਾਂ ਨੇ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਉਹ ਈਡੀ ਨੂੰ ਨਿਰਦੇਸ਼ ਦੇਣ ਕਿ ਉਨ੍ਹਾਂ ਨੂੰ ਦਿੱਲੀ ਵਿੱਚ ਪੇਸ਼ ਹੋਣ ਲਈ ਸੰਮਨ ਜਾਰੀ ਨਾ ਕੀਤੇ ਜਾਣ ਕਿਉਂਕਿ ਉਹ ਪੱਛਮੀ ਬੰਗਾਲ ਦੇ ਵਸਨੀਕ ਹਨ। ਬੈਨਰਜੀ ਤੋਂ ਇਸ ਮਾਮਲੇ 'ਚ ਪਿਛਲੇ ਸਾਲ ਸਤੰਬਰ 'ਚ ਰਾਸ਼ਟਰੀ ਰਾਜਧਾਨੀ 'ਚ ਇਕ ਏਜੰਸੀ ਦੇ ਦਫਤਰ 'ਚ ਪੁੱਛਗਿੱਛ ਕੀਤੀ ਗਈ ਸੀ।