ਰਾਂਚੀ:ਆਈਏਐਸ ਅਧਿਕਾਰੀ ਪੂਜਾ ਸਿੰਘਲ ਨਾਲ ਸਬੰਧਤ ਮਾਮਲੇ ਵਿੱਚ ਅੱਜ ਵੀ ਈਡੀ ਦੀ ਛਾਪੇਮਾਰੀ ਜਾਰੀ ਹੈ। ਪ੍ਰਾਪਤ ਖ਼ਬਰਾਂ ਅਨੁਸਾਰ ਈਡੀ ਵੱਲੋਂ ਕੋਲਕਾਤਾ ਦੀਆਂ ਕੁਝ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਖਬਰਾਂ ਮੁਤਾਬਕ ਕੋਲਕਾਤਾ ਦੇ ਇਕ ਵੱਡੇ ਕਾਰੋਬਾਰੀ ਅਭਿਜੀਤ ਸੇਨ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਬੁੱਧਵਾਰ ਤੜਕੇ ਕੋਲਕਾਤਾ 'ਚ ਆਰਥਿਕ ਗਬਨ ਦੇ ਦੋਸ਼ 'ਚ ਚਾਰ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀ ਕਾਰੋਬਾਰੀ ਅਭਿਜੀਤ ਸੇਨ ਦੇ ਦਫਤਰ ਅਤੇ ਘਰ ਸਮੇਤ ਚਾਰ ਥਾਵਾਂ 'ਤੇ ਛਾਪੇਮਾਰੀ ਕਰ ਰਹੇ ਹਨ। ਅਧਿਕਾਰੀ ਜੋਧਪੁਰ ਪਾਰਕ ਵਿੱਚ ਮਕਾਨ ਨੰਬਰ 133, ਜੋਧਪੁਰ ਪਾਰਕ ਵਿੱਚ ਮਕਾਨ ਨੰਬਰ 362, ਸਾਊਥ ਸਿਟੀ ਹਾਊਸਿੰਗ ਦੇ ਟਾਵਰ ਨੰਬਰ 2 ਵਿੱਚ ਫਲੈਟ ਨੰਬਰ 34 ਜੀ ਅਤੇ ਜੋਧਪੁਰ ਪਾਰਕ ਵਿੱਚ ਮਕਾਨ ਨੰਬਰ 17 ਦੇ ਦਫ਼ਤਰਾਂ ਦੀ ਤਲਾਸ਼ੀ ਲੈ ਰਹੇ ਹਨ।
ਈਡੀ ਦੇ ਸੂਤਰਾਂ ਮੁਤਾਬਕ ਅਭਿਜੀਤ ਸੇਨ ਕਥਿਤ ਤੌਰ 'ਤੇ ਅਭਿਜੀਤਾ ਕੰਸਟਰਕਸ਼ਨ ਨਾਮ ਦੀ ਕੰਪਨੀ ਦਾ ਮਾਲਕ ਹੈ ਅਤੇ ਕੰਪਨੀ ਦਾ ਝਾਰਖੰਡ ਦੇ ਰਾਂਚੀ 'ਚ ਦਫ਼ਤਰ ਵੀ ਸੀ। ਇੱਥੇ ਜੋਧਪੁਰ ਪਾਰਕ ਵਿਖੇ ਇੱਕ ਸ਼ਾਖਾ ਦਫ਼ਤਰ ਹੈ। ਸੇਨ ਦਾ ਨਾਂ ਕੁਝ ਦਿਨ ਪਹਿਲਾਂ ਜਾਂਚ ਦੌਰਾਨ ਸਾਹਮਣੇ ਆਇਆ ਸੀ। ਈਡੀ ਕਰੋੜਾਂ ਰੁਪਏ ਦੇ ਆਰਥਿਕ ਗਬਨ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਦੱਸਣਯੋਗ ਹੈ ਕਿ ਬੀਤੇ ਦਿਨ ਭਾਵ ਕੱਲ੍ਹ ਝਾਰਖੰਡ ਸਰਕਾਰ ਦੀ ਖਾਨ ਸਕੱਤਰ ਪੂਜਾ ਸਿੰਘਲ ਈਡੀ ਦਫ਼ਤਰ ਗਈ ਸੀ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਈਡੀ ਨੇ ਪੂਜਾ ਸਿੰਘਲ ਨੂੰ ਪੁੱਛਗਿੱਛ ਲਈ ਸੰਮਨ ਭੇਜਿਆ ਸੀ। ਸੰਮਨ ਮਿਲਣ ਤੋਂ ਬਾਅਦ ਪੂਜਾ ਸਿੰਘਲ ਈਡੀ ਦਫ਼ਤਰ ਪਹੁੰਚ ਗਈ ਸੀ। ਜਿੱਥੇ ਉਨ੍ਹਾਂ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਪੂਜਾ ਸਿੰਘਲ ਦੇ ਨਾਲ ਉਨ੍ਹਾਂ ਦੇ ਪਤੀ ਅਭਿਸ਼ੇਕ ਝਾਅ ਵੀ ਈਡੀ ਦਫ਼ਤਰ ਪਹੁੰਚੇ।
IAS ਪੂਜਾ ਸਿੰਘਲ ਤੋਂ ਦੂਜੇ ਦਿਨ ਈਡੀ ਦੀ ਪੁੱਛਗਿੱਛ ਜਾਰੀ ਦੱਸ ਦਈਏ ਕਿ ਮਨੀ ਲਾਂਡਰਿੰਗ ਮਾਮਲੇ 'ਚ ਝਾਰਖੰਡ ਸਰਕਾਰ ਦੀ ਖਾਨ ਸਕੱਤਰ ਪੂਜਾ ਸਿੰਘਲ ਨੂੰ ਈਡੀ ਨੇ ਪੁੱਛਗਿੱਛ ਲਈ ਤਲਬ ਕੀਤਾ ਸੀ। ਈਡੀ ਦੀ ਟੀਮ ਆਈਏਐਸ ਪੂਜਾ ਸਿੰਘਲ ਦੇ ਸੀਏ ਸੁਮਨ ਸਿੰਘ, ਉਨ੍ਹਾਂ ਦੇ ਪਤੀ ਅਭਿਸ਼ੇਕ ਝਾਅ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਪਰ ਕੱਲ੍ਹ ਦਾ ਦਿਨ ਬਹੁਤ ਮਹੱਤਵਪੂਰਨ ਸੀ ਕਿਉਂਕਿ ਕੱਲ੍ਹ ਪੂਜਾ ਸਿੰਘਲ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਸੀ। ਪੂਜਾ ਸਿੰਘਲ ਤੋਂ ਪੁੱਛਗਿੱਛ ਨੂੰ ਲੈ ਕੇ ਈਡੀ ਦਫਤਰ ਦੇ ਬਾਹਰ ਕਾਫੀ ਹੰਗਾਮਾ ਹੋਇਆ। ਈਡੀ ਦਫ਼ਤਰ ਦੀ ਸੁਰੱਖਿਆ ਲਈ ਦਫ਼ਤਰ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਅੱਜ ਫਿਰ ਪੁੱਛਗਿੱਛ ਦੀ ਕਾਰਵਾਈ ਨੂੰ ਅੱਗੇ ਵਧਉਣ ਲਈ ਪੂਜਾ ਸਿੰਘਲ ਨੂੰ ਈਡੀ ਦਫ਼ਤਰ ਬੁਲਾਇਆ ਗਿਆ ਹੈ। ਇਸ ਦੌਰਾਨ ਉਹਨਾਂ ਦੇ ਪਤੀ ਅਭਿਸ਼ੇਕ ਝਾਅ ਈਡੀ ਦਫ਼ਤਰ ਵਿਖੇ ਨਜ਼ਰ ਨਹੀਂ ਆਏ। ਫਿਲਹਾਲ ਪੁੱਛਗਿੱਛ ਜਾਰੀ ਹੈ।
ਇਹ ਵੀ ਪੜ੍ਹੋ : ਭਾਰਤ ਦਾ ਸਭ ਤੋਂ ਵੱਡਾ ਹਾਕੀ ਸਟੇਡੀਅਮ ਓਡੀਸ਼ਾ ਵਿੱਚ ਅਕਤੂਬਰ ਤੱਕ ਹੋ ਜਾਵੇਗਾ ਤਿਆਰ