ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈਕੇ ਭਾਰਤੀ ਚੋਣ ਕਮਿਸ਼ਨ ਵਲੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਜਿਸ ਦੇ ਚੱਲਦਿਆਂ 31 ਜਨਵਰੀ ਤੱਕ ਕਿਸੇ ਵੀ ਤਰ੍ਹਾਂ ਦੀਆਂ ਰੈਲੀਆਂ ਜਾਂ ਰੋਡ ਸ਼ੋਅ 'ਤੇ ਪਾਬੰਦੀ ਲਗਾਈ ਗਈ ਹੈ। ਇਸ ਦੇ ਚੱਲਦਿਆਂ ਭਾਰਤੀ ਚੋਣ ਕਮਿਸ਼ਨ ਵਲੋਂ ਅੱਜ ਸਮੀਖਿਆ ਮੀਟਿੰਗ ਵਰਚੂਅਲ ਤਰੀਕੇ ਨਾਲ 11 ਵਜੇ ਕੀਤੀ ਜਾਵੇਗੀ।
ਦੱਸ ਦਈਏ ਕਿ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਭਾਰਤੀ ਚੋਣ ਕਮਿਸ਼ਨ ਵਲੋਂ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਕਈ ਪਾਬੰਦੀਆਂ ਲਗਾਈਆਂ ਗਈਆਂ ਸਨ। ਜਿਸ ਦੇ ਚੱਲਦਿਆਂ ਚੋਣ ਕਮਿਸ਼ਨ ਵਲੋਂ ਡੋਰ ਟੂ ਡੋਰ ਪ੍ਰਚਾਰ ਅਤੇ ਵਰਚੂਅਲ ਮਾਧਿਅਮ ਰਾਹੀ ਪ੍ਰਚਾਰ ਦੀ ਪ੍ਰਵਾਨਗੀ ਦਿੱਤੀ ਗਈ ਸੀ। ਇਸ ਦੇ ਚੱਲਦਿਆਂ 22 ਜਨਵਰੀ ਨੂੰ ਚੋਣ ਕਮਿਸ਼ਨ ਵਲੋਂ ਕੁਝ ਰਾਹਤ ਤਾਂ ਦਿੱਤੀ ਸੀ ਪਰ ਰੈਲੀਆਂ ਅਤੇ ਰੋਡ ਸ਼ੋਅ 'ਤੇ ਪਾਬੰਦੀ ਬਰਕਰਾਰ ਰੱਖੀ ਸੀ। ਇਸ ਦੇ ਚੱਲਦਿਆਂ ਭਲਕੇ ਭਾਰਤੀ ਚੋਣ ਕਮਿਸ਼ਨ ਵਲੋਂ ਮੁੜ ਤੋਂ ਸਮੀਖਿਆ ਮੀਟਿੰਗ ਕਰਦਿਆਂ ਅਤੇ ਕੋਰੋਨਾ ਦੇ ਮਾਮਲਿਆਂ ਨੂੰ ਦੇਖਦਿਆਂ ਅਗਲਾ ਫੈਸਲਾ ਲਿਆ ਜਾਵੇਗਾ।
ਚੋਣ ਕਮਿਸ਼ਨ ਵੱਲੋਂ ਪਹਿਲਾਂ ਜਾਰੀ ਕੀਤੇ ਗਏ ਹੁਕਮਾਂ 'ਚ ਡੂਰ-ਟੂ-ਡੋਰ 5 ਬੰਦਿਆਂ ਨੂੰ ਪ੍ਰਚਾਰ ਕਰਨ ਦੀ ਆਗਿਆ ਸੀ, ਜੋ ਬਾਅਦ 'ਚ ਵਧਾ ਕੇ 10 ਕਰ ਦਿੱਤੀ ਗਈ। ਇਸ ਨਾਲ 10 ਵਿਅਕਤੀ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰ ਸਕਦੇ ਸਨ। ਚੋਣ ਕਮਿਸ਼ਨ ਨੇ ਪਹਿਲੇ ਗੇੜ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਸੀਟਾਂ 'ਤੇ 28 ਜਨਵਰੀ ਤੋਂ ਬਾਅਦ ਰੈਲੀਆਂ ਕਰਨ ਦੀ ਛੋਟ ਦਿੱਤੀ ਸੀ। ਜਦਕਿ ਦੂਜੇ ਗੇੜ ਵਿੱਚ ਜਿਨ੍ਹਾਂ ਸੀਟਾਂ 'ਤੇ ਚੋਣ ਹੋਣੀ ਹੈ, ਉਨ੍ਹਾਂ ਲਈ ਇਕ ਫ਼ਰਵਰੀ ਤੋਂ ਰੈਲੀਆਂ ਵਿੱਚ ਢਿੱਲ ਦਿੱਤੀ ਜਾਣ ਦਾ ਫੈਸਲਾ ਕੀਤਾ ਸੀ।
ਚੋਣ ਕਮਿਸ਼ਨ ਨੇ ਇਸ ਤੋਂ ਪਹਿਲਾਂ 15 ਜਨਵਰੀ ਤੱਕ ਰੈਲੀਆਂ ਅਤੇ ਵੱਡੀਆਂ ਜਨਤਕ ਮੀਟਿੰਗਾਂ ਕਰਨ 'ਤੇ ਪਾਬੰਦੀ ਲਗਾਈ ਸੀ ਜਿਸ ਨੂੰ ਦੇਸ਼ 'ਚ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ 22 ਜਨਵਰੀ ਤੱਕ ਵਧਾ ਦਿੱਤਾ ਗਿਆ ਸੀ। ਜਿਸ ਤੋਂ ਭਾਰਤੀ ਚੋਣ ਕਮਿਸ਼ਨ ਨੇ 31 ਜਨਵਰੀ ਤੱਕ ਅੱਗੇ ਵਧਾਉਣ ਦਾ ਫੈਸਲਾ ਕੀਤਾ ਸੀ। ਦੱਸ ਦਈਏ ਕਿ ਭਾਰਤ ਦੇ ਪੰਜ ਸੂਬਿਆਂ ਪੰਜਾਬ, ਗੋਆ, ਮਨੀਪੁਰ, ਉਤਰਾਖੰਡ ਅਤੇ ਉੱਤਰ ਪ੍ਰਦੇਸ਼ 'ਚ ਚੋਣਾਂ ਹੋਣੀਆਂ ਹਨ।
ਇਹ ਵੀ ਪੜ੍ਹੋ :ਚਰਨਜੀਤ ਚੰਨੀ ਹੋ ਸਕਦੇ ਨੇ ਪੰਜਾਬ ਕਾਂਗਰਸ ਦਾ ਸੀਐਮ ਚਿਹਰਾ !