ਚੰਡੀਗੜ੍ਹ/ਦਿੱਲੀ:ਮੰਗਲਵਾਰ ਨੂੰ ਭਾਰਤ, ਪਾਕਿਸਤਾਨ ਅਤੇ ਚੀਨ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਅਸਰ ਦਿੱਲੀ-ਐਨਸੀਆਰ, ਜੰਮੂ ਕਸ਼ਮੀਰ, ਚੰਡੀਗੜ੍ਹ ਸਮੇਤ ਭਾਰਤ ਦੇ ਕਈ ਸ਼ਹਿਰਾਂ ਵਿੱਚ ਮਹਿਸੂਸ ਕੀਤਾ ਗਿਆ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.4 ਮਾਪੀ ਗਈ ਹੈ। ਇਹ ਭੂਚਾਲ ਦੁਪਹਿਰ 1 ਵਜ ਕੇ 33 ਮਿੰਟ ਉੱਤੇ ਆਇਆ ਹੈ।
ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ ਭੂਚਾਲ ਦਾ ਕੇਂਦਰ ਜੰਮੂ-ਕਸ਼ਮੀਰ ਦੇ ਡੋਡਾ 'ਚ ਰਹੀ। ਇਸ ਦੀ ਡੂੰਘਾਈ ਜ਼ਮੀਨ ਦੇ ਅੰਦਰ 6 ਕਿਲੋਮੀਟਰ ਸੀ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 5.4 ਮਾਪੀ ਗਈ ਹੈ।
ਮਈ ਵਿੱਚ ਭਾਰਤ ਵਿੱਚ 41 ਵਾਰ ਭੂਚਾਲ ਆਇਆ:NCS ਦੇ ਅੰਕੜਿਆਂ ਮੁਤਾਬਕ ਭਾਰਤ ਵਿੱਚ 1 ਮਈ ਤੋਂ 31 ਮਈ ਤੱਕ 41 ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ਵਿੱਚੋਂ 7 ਭੂਚਾਲ ਉੱਤਰਾਖੰਡ ਵਿੱਚ ਅਤੇ 6 ਭੂਚਾਲ ਮਨੀਪੁਰ ਵਿੱਚ ਆਏ। ਇਸ ਤੋਂ ਇਲਾਵਾ ਅਰੁਣਾਚਲ 'ਚ 5 ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੇ ਨਾਲ ਹੀ ਹਰਿਆਣਾ ਅਤੇ ਮੇਘਾਲਿਆ ਵਿੱਚ 3-3 ਵਾਰ ਧਰਤੀ ਹਿੱਲੀ।
ਮਾਰਚ ਵਿੱਚ ਵੀ ਮਹਿਸੂਸ ਕੀਤੇ ਗਏ ਸੀ ਭੂਚਾਲ ਦੇ ਝਟਕੇ: ਇਸ ਤੋਂ ਪਹਿਲਾਂ ਮਾਰਚ ਵਿੱਚ ਭਾਰਤ ਦੇ ਕਈ ਰਾਜਾਂ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.6 ਸੀ। ਭੂਚਾਲ ਦਾ ਅਸਰ ਦਿੱਲੀ-ਐਨਸੀਆਰ, ਉੱਤਰ ਪ੍ਰਦੇਸ਼, ਜੰਮੂ ਕਸ਼ਮੀਰ, ਹਿਮਾਚਲ, ਪੰਜਾਬ, ਮੱਧ ਪ੍ਰਦੇਸ਼ ਅਤੇ ਉੱਤਰਾਖੰਡ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਸੀ। ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦਾ ਹਿੰਦੂ ਕੁਸ਼ ਖੇਤਰ ਸੀ।
ਮੰਗਲਵਾਰ ਨੂੰ ਹੀ ਤਿੱਬਤ ਦੇ ਸ਼ਿਜ਼ਾਂਗ 'ਚ ਭੂਚਾਲ ਆਇਆ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 4.3 ਮਾਪੀ ਗਈ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ) ਦੇ ਅਨੁਸਾਰ, ਭੂਚਾਲ ਸਵੇਰੇ 3:23 ਵਜੇ ਆਇਆ। ਇਸ ਦਾ ਕੇਂਦਰ ਜ਼ਮੀਨ ਤੋਂ 106 ਕਿਲੋਮੀਟਰ ਹੇਠਾਂ ਸੀ।
ਦੂਜੇ ਪਾਸੇ, ਅਰਬ ਸਾਗਰ 'ਚ ਬਣਿਆ ਚੱਕਰਵਾਤੀ ਤੂਫਾਨ ਬਿਪਰਜੋਏ ਤੇਜ਼ੀ ਨਾਲ ਭਾਰਤ ਦੇ ਤੱਟੀ ਇਲਾਕਿਆਂ ਵੱਲ ਵਧ ਰਿਹਾ ਹੈ। ਇਸ ਤੂਫਾਨ ਦਾ ਅਸਰ ਗੁਜਰਾਤ, ਮਹਾਰਾਸ਼ਟਰ, ਗੋਆ, ਕਰਨਾਟਕ, ਕੇਰਲ 'ਚ ਦਿਖਾਈ ਦੇਣ ਲੱਗਾ ਹੈ। ਸਮੁੰਦਰ ਵਿੱਚੋਂ ਉੱਚੀਆਂ ਲਹਿਰਾਂ ਉੱਠ ਰਹੀਆਂ ਹਨ। ਖਤਰੇ ਨੂੰ ਦੇਖਦੇ ਹੋਏ ਤਿੰਨੋਂ ਰਾਜ ਸਰਕਾਰਾਂ ਅਲਰਟ ਮੋਡ 'ਤੇ ਹਨ।