Earthquake In Rajasthan: ਰਾਜਸਥਾਨ ਵਿੱਚ ਭੂਚਾਲ ਦੇ ਤੇਜ਼ ਝਟਕੇ ਰਾਜਸਥਾਨ: ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਅੱਜ ਸ਼ੁੱਕਰਵਾਰ ਤੜਕੇ ਕਰੀਬ 4 ਵਜੇ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜੈਪੁਰ ਵਿੱਚ ਸਵੇਰੇ 4.9 ਵਜੇ ਤੋਂ 4.25 ਵਜੇ ਦਰਮਿਆਨ ਭੂਚਾਲ ਦੇ ਤਿੰਨ ਝਟਕੇ ਮਹਿਸੂਸ ਕੀਤੇ ਗਏ। ਫਿਲਹਾਲ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਤਿੰਨ ਵਾਰ ਆਇਆ ਭੂਚਾਲ : ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਤਿੰਨ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦਾ ਪਹਿਲਾ ਝਟਕਾ 4:09 'ਤੇ ਆਇਆ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.4 ਸੀ। ਦੂਜਾ ਝਟਕਾ 4:22 'ਤੇ 3.1 ਦੀ ਤੀਬਰਤਾ ਨਾਲ ਅਤੇ ਤੀਜਾ ਝਟਕਾ 4:25 'ਤੇ 3.4 ਦੀ ਤੀਬਰਤਾ ਨਾਲ ਆਇਆ।
ਘਰਾਂ ਚੋਂ ਬਾਹਰ ਨਿਕਲੇ ਲੋਕ: ਸਥਾਨਕ ਲੋਕਾਂ ਮੁਤਾਬਕ, ਤੜਕੇ ਤੇਜ਼ ਧਮਾਕੇ ਦੀ ਆਵਾਜ਼ ਆਈ, ਤੇਜ਼ ਤੇ ਲੰਮੇ ਸਮੇਂ ਤੱਕ ਲਈ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਬਾਅਦ ਡਰ ਕੇ ਸਾਰੇ ਲੋਕ ਅਪਣੇ ਘਰਾਂ ਚੋਂ ਬਾਹਰ ਨਿਕਲ ਆਏ। ਕਈ ਲੋਕ ਪਾਰਕ ਵਿੱਚ ਆ ਕੇ ਸੁਰੱਖਿਅਤ ਥਾਂ ਉੱਤੇ ਬੈਠ ਗਏ। ਲੋਕਾਂ ਨੇ ਕਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਸਥਾਨਕ ਲੋਕਾਂ ਨੇ ਦੱਸਿਆ ਕਿ ਅਚਾਨਕ ਪੱਖੇ, ਖਿੜਕੀਆਂ ਅਤੇ ਦਰਵਾਜ਼ੇ ਹਿੱਲਣ ਲੱਗੇ। ਪਹਿਲਾਂ ਤਾਂ ਇੰਜ ਮਹਿਸੂਸ ਹੋਇਆ ਜਿਵੇਂ ਕੋਈ ਜਗਾ ਰਿਹਾ ਹੋਵੇ ਅਤੇ ਜਦੋਂ ਅੱਖ ਖੁੱਲ੍ਹੀ ਤਾਂ ਮੈਨੂੰ ਅਹਿਸਾਸ ਹੋਇਆ ਕਿ ਸਾਰੀ ਇਮਾਰਤ ਹਿੱਲ ਰਹੀ ਹੈ। ਫਿਰ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਘਰੋਂ ਬਾਹਰ ਆ ਗਏ। ਸਥਾਨਕ ਲੋਕਾਂ ਨੇ ਕਿਹਾ ਕਿ ਪਹਿਲੀ ਵਾਰ ਜੈਪੁਰ ਵਿੱਚ ਅਜਿਹਾ ਭੂਚਾਲ ਮਹਿਸੂਸ ਕੀਤਾ ਗਿਆ ਸੀ ਅਤੇ ਹੁਣ ਕਲੋਨੀ ਦਾ ਹਰ ਵਾਸੀ ਆਪਣੇ ਘਰਾਂ ਦੇ ਬਾਹਰ ਖੜ੍ਹਾ ਹੈ। ਇਸ ਦੇ ਨਾਲ ਹੀ, ਇਕ ਸ਼ਹਿਰ ਵਾਸੀ ਨੇ ਦੱਸਿਆ ਕਿ ਅਚਾਨਕ ਜ਼ੋਰਦਾਰ ਧਮਾਕੇ ਦੀ ਆਵਾਜ਼ ਆਈ। ਪਹਿਲਾਂ ਤਾਂ ਇੰਝ ਲੱਗਦਾ ਸੀ ਕਿ ਬੱਦਲ ਗਰਜ ਰਹੇ ਹਨ, ਜ਼ੋਰਦਾਰ ਮੀਂਹ ਪੈ ਰਿਹਾ ਹੋਵੇਗਾ, ਪਰ ਫਿਰ ਅਹਿਸਾਸ ਹੋਇਆ ਕਿ ਇਹ ਭੂਚਾਲ ਸੀ।
ਸਾਬਕਾ ਮੁੱਖ ਮੰਤਰੀ ਨੇ ਵਾਟਸਐਪ ਸਟੇਟਸ ਪਾਇਆ :ਇਸ ਦੇ ਨਾਲ ਹੀ, ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਵੀ ਭੂਚਾਲ ਨੂੰ ਲੈ ਕੇ ਇੱਕ ਵਟਸਐਪ ਸਟੇਟਸ ਪੋਸਟ ਕੀਤਾ ਹੈ। ਇਸ ਦੇ ਨਾਲ ਹੀ, ਲਿਖਿਆ ਗਿਆ ਕਿ ਜੈਪੁਰ ਸਮੇਤ ਸੂਬੇ ਦੇ ਹੋਰ ਸਥਾਨਾਂ 'ਤੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਨਾਲ ਹੀ ਉਮੀਦ ਜਤਾਈ ਕਿ ਸਾਰੇ ਸੁਰੱਖਿਅਤ ਹੋਣਗੇ। ਵਸੁੰਧਰਾ ਰਾਜੇ ਤੋਂ ਇਲਾਵਾ ਸ਼ਹਿਰ ਵਾਸੀਆਂ ਨੇ ਵੀ ਆਪਣੇ-ਆਪਣੇ ਇਲਾਕੇ ਦੀ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜੈਪੁਰ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਦੌਸਾ, ਅਲਵਰ, ਸੀਕਰ, ਸਵਾਈ ਮਾਧੋਪੁਰ ਅਤੇ ਮਥੁਰਾ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।