ਨਵੀਂ ਦਿੱਲੀ—ਉੱਤਰੀ ਭਾਰਤ 'ਚ ਮੰਗਲਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 4.6 ਮਾਪੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਭੂਚਾਲ ਦਾ ਕੇਂਦਰ ਨੇਪਾਲ ਵਿੱਚ ਸੀ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਅਨੁਸਾਰ, ਨੇਪਾਲ ਵਿੱਚ ਅੱਜ ਦੁਪਹਿਰ 2:25 ਵਜੇ ਰਿਕਟਰ ਪੈਮਾਨੇ 'ਤੇ 4.6 ਤੀਬਰਤਾ ਦਾ ਭੂਚਾਲ ਆਇਆ, ਜਦੋਂ ਕਿ ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦਾ ਕਹਿਣਾ ਹੈ ਕਿ ਨੇਪਾਲ ਵਿੱਚ 5 ਕਿਲੋਮੀਟਰ ਦੀ ਡੂੰਘਾਈ ਵਿੱਚ 6.2 ਤੀਬਰਤਾ ਦਾ ਭੂਚਾਲ ਆਇਆ, ਜਿਸ ਤੋਂ ਬਾਅਦ ਦਿੱਲੀ— NCR 'ਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਫਿਲਹਾਲ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਜਾਣਕਾਰੀ ਮੁਤਾਬਿਕ ਨੇਪਾਲ 'ਚ 25 ਮਿੰਟ ਦੇ ਅੰਤਰਾਲ 'ਤੇ 4.6 ਅਤੇ 6.2 ਤੀਬਰਤਾ ਦੇ ਦੋ ਭੂਚਾਲ ਆਏ, ਜਿਨ੍ਹਾਂ ਦੇ ਤੇਜ਼ ਝਟਕੇ ਦਿੱਲੀ-ਐੱਨ.ਸੀ.ਆਰ ਅਤੇ ਉੱਤਰੀ ਭਾਰਤ ਦੇ ਕੁਝ ਹਿੱਸਿਆਂ 'ਚ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਨੇਪਾਲ 'ਚ 4.6 ਤੀਬਰਤਾ ਦਾ ਪਹਿਲਾ ਭੂਚਾਲ ਦੁਪਹਿਰ 2:25 'ਤੇ 10 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ। ਇਸ ਤੋਂ ਬਾਅਦ ਦੁਪਹਿਰ 2:51 ਵਜੇ 6.2 ਤੀਬਰਤਾ ਦਾ ਦੂਜਾ ਭੂਚਾਲ ਆਇਆ। ਭੂਚਾਲ ਦੇ ਜ਼ਬਰਦਸਤ ਝਟਕਿਆਂ ਕਾਰਨ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਆਪਣੇ ਦਫ਼ਤਰ ਦੇ ਬਾਕੀ ਸਾਰੇ ਲੋਕਾਂ ਸਮੇਤ ਨਿਰਮਾਣ ਭਵਨ ਤੋਂ ਬਾਹਰ ਆ ਗਏ।
ਨੇਪਾਲ ਦੇ ਪੱਛਮੀ ਹਿੱਸਿਆਂ ਵਿੱਚ ਭੂਚਾਲ:ਨੇਪਾਲ ਦੇ ਪੱਛਮੀ ਹਿੱਸਿਆਂ ਵਿੱਚ 5.3 ਤੀਬਰਤਾ ਦਾ ਭੂਚਾਲ ਆਇਆ। ਦੇਸ਼ ਦੇ ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਭੂਚਾਲ ਦਾ ਕੇਂਦਰ ਕਾਠਮੰਡੂ ਤੋਂ 700 ਕਿਲੋਮੀਟਰ ਪੱਛਮ ਵਿੱਚ ਬਝਾਂਗ ਜ਼ਿਲ੍ਹੇ ਦੇ ਤਾਲਕੋਟ ਇਲਾਕੇ ਵਿੱਚ ਰਿਕਾਰਡ ਕੀਤਾ ਗਿਆ। ਭੂਚਾਲ ਦੇ ਝਟਕੇ ਗੁਆਂਢੀ ਭਾਰਤ ਦੇ ਬਝੰਗ ਅਤੇ ਆਸਪਾਸ ਦੇ ਜ਼ਿਲ੍ਹਿਆਂ ਵਿੱਚ ਵੀ ਮਹਿਸੂਸ ਕੀਤੇ ਗਏ।