ਵਾਸ਼ਿੰਗਟਨ:ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀਰਵਾਰ ਨੂੰ ਵਾਸ਼ਿੰਗਟਨ ਵਿੱਚ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਕੂਟਨੀਤਕ ਵਿਵਾਦ ਆਪਣੇ ਸਿਖਰ 'ਤੇ ਹੈ। ਵਿਦੇਸ਼ ਮੰਤਰਾਲੇ ਵੱਲੋਂ ਦੱਸਿਆ ਗਿਆ ਕਿ ਦੋਵਾਂ ਲੀਡਰਾਂ ਨੇ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਉਣ ਦੇ ਤਰੀਕਿਆਂ 'ਤੇ ਚਰਚਾ ਕੀਤੀ।
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅਮਰੀਕੀ ਵਿਦੇਸ਼ ਮੰਤਰਾਲੇ 'ਚ ਬੈਠਕ ਤੋਂ ਪਹਿਲਾਂ ਬਲਿੰਕਨ ਦੇ ਨਾਲ ਮੀਡੀਆ ਨੂੰ ਕਿਹਾ ਕਿ ਵਾਸ਼ਿੰਗਟਨ 'ਚ ਵਾਪਸ ਆ ਕੇ ਚੰਗਾ ਲੱਗਾ। ਉਨ੍ਹਾਂ ਨੇ ਜੀ-20 ਸੰਮੇਲਨ ਦਾ ਸਮਰਥਨ ਕਰਨ ਲਈ ਅਮਰੀਕਾ ਦਾ ਧੰਨਵਾਦ ਵੀ ਕੀਤਾ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇੱਥੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਆਪਣੀ ਵਿਆਪਕ ਗੱਲਬਾਤ ਕੀਤੀ।
ਸੂਤਰਾਂ ਮੁਤਾਬਕ ਗੱਲਬਾਤ ਦੌਰਾਨ ਦੋਵਾਂ ਲੀਡਰਾਂ ਨੇ ਗਲੋਬਲ ਵਿਕਾਸ 'ਤੇ ਚਰਚਾ ਕੀਤੀ ਅਤੇ 2+2 ਬੈਠਕ ਦੀ ਨੀਂਹ ਰੱਖੀ। ਤੁਹਾਨੂੰ ਦੱਸ ਦੇਈਏ ਕਿ ਜੈਸ਼ੰਕਰ ਇਸ ਸਮੇਂ ਵਾਸ਼ਿੰਗਟਨ ਡੀਸੀ ਦੇ ਪੰਜ ਦਿਨਾਂ ਅਧਿਕਾਰਤ ਦੌਰੇ 'ਤੇ ਹਨ। ਨਵੀਂ ਦਿੱਲੀ 'ਚ ਹਾਲ ਹੀ 'ਚ ਹੋਏ ਜੀ-20 ਸੰਮੇਲਨ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਇਹ ਉੱਚ ਪੱਧਰੀ ਗੱਲਬਾਤ ਹੈ।
ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਐਕਸ 'ਤੇ ਪੋਸਟ ਕੀਤਾ ਕਿ ਅੱਜ ਵਿਦੇਸ਼ ਵਿਭਾਗ 'ਚ ਆਪਣੇ ਦੋਸਤ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੂੰ ਮਿਲ ਕੇ ਬਹੁਤ ਚੰਗਾ ਲੱਗਾ। ਉਨ੍ਹਾਂ ਲਿਖਿਆ ਕਿ ਅਸੀਂ ਗਲੋਬਲ ਵਿਕਾਸ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਸਾਡੀ 2+2 ਮੀਟਿੰਗ ਬਹੁਤ ਜਲਦੀ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਵੀਰਵਾਰ ਨੂੰ ਜੈਸ਼ੰਕਰ ਨੇ ਐਲਾਨ ਕੀਤਾ ਸੀ ਕਿ ਨਵੀਂ ਦਿੱਲੀ ਭਾਰਤ-ਅਮਰੀਕਾ 2+2 ਮੰਤਰੀ ਪੱਧਰੀ ਵਾਰਤਾ ਦੇ ਪੰਜਵੇਂ ਸੰਸਕਰਨ ਦੀ ਮੇਜ਼ਬਾਨੀ ਕਰੇਗੀ।
ਹਾਲਾਂਕਿ ਉਨ੍ਹਾਂ ਮੀਟਿੰਗ ਦੀਆਂ ਤਰੀਕਾਂ ਦਾ ਖੁਲਾਸਾ ਨਹੀਂ ਕੀਤਾ ਪਰ ਪਤਾ ਲੱਗਾ ਹੈ ਕਿ ਮੰਤਰੀ ਪੱਧਰੀ ਗੱਲਬਾਤ ਨਵੰਬਰ ਦੇ ਪਹਿਲੇ ਪੰਦਰਵਾੜੇ ਵਿੱਚ ਹੋਵੇਗੀ। ਅਮਰੀਕੀ ਵਫ਼ਦ ਦੀ ਨੁਮਾਇੰਦਗੀ ਬਲਿੰਕਨ ਦੇ ਨਾਲ ਰੱਖਿਆ ਸਕੱਤਰ ਲੋਇਡ ਆਸਟਿਨ ਕਰਨਗੇ। ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਭਾਰਤੀ ਵਫ਼ਦ ਦੀ ਅਗਵਾਈ ਕਰਨਗੇ। ਜੈਸ਼ੰਕਰ ਨੇ ਬਲਿੰਕਨ ਨੂੰ ਕਿਹਾ, ਮੈਂ ਤੁਹਾਨੂੰ 2+2 ਲਈ ਦਿੱਲੀ ਵਿੱਚ ਦੇਖਣ ਲਈ ਸੱਚਮੁੱਚ ਉਤਸੁਕ ਹਾਂ। ਇਸ ਤੋਂ ਪਹਿਲਾਂ ਬਲਿੰਕਨ ਨੇ ਮੀਟਿੰਗ ਲਈ ਰਾਜ ਵਿਭਾਗ ਦੇ ਫੋਗੀ ਬੌਟਮ ਹੈੱਡਕੁਆਰਟਰ ਵਿੱਚ ਜੈਸ਼ੰਕਰ ਦਾ ਸਵਾਗਤ ਕੀਤਾ।
ਜੈਸ਼ੰਕਰ ਨੇ ਐਕਸ 'ਤੇ ਇੱਕ ਪੋਸਟ ਵਿੱਚ ਲਿਖਿਆ ਕਿ ਇਹ ਜਾਣ ਕੇ ਖੁਸ਼ੀ ਹੋਈ ਕਿ ਭਾਰਤ ਕਾਰਪੋਰੇਟ ਬੋਰਡਰੂਮ ਵਿੱਚ ਚਰਚਾ ਦਾ ਇੱਕ ਪ੍ਰਮੁੱਖ ਬਿੰਦੂ ਹੈ। ਸਾਡਾ ਸਹਿਯੋਗ ਹਰ ਲੰਘਦੇ ਦਿਨ ਦੇ ਨਾਲ ਹੋਰ ਸੰਭਾਵਨਾਵਾਂ ਦੀ ਪੇਸ਼ਕਸ਼ ਕਰਦਾ ਹੈ। ਦੋਵਾਂ ਲੀਡਰਾਂ ਨੇ ਇਸ ਸਾਲ ਦੀ ਸ਼ੁਰੂਆਤ 'ਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਇਸ ਸਾਲ ਦੇ ਸ਼ੁਰੂ ਵਿੱਚ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਭਾਰਤ ਅਤੇ ਕੈਨੇਡਾ ਦਰਮਿਆਨ ਕੂਟਨੀਤਕ ਵਿਵਾਦ ਦੇ ਸਿੱਧੇ ਜਾਂ ਅਸਿੱਧੇ ਪ੍ਰਭਾਵਾਂ ਬਾਰੇ ਦੋਵਾਂ ਆਗੂਆਂ ਨੇ ਕੋਈ ਗੱਲ ਨਹੀਂ ਕੀਤੀ ਤੇ ਘੱਟੋ-ਘੱਟ ਮੀਡੀਆ ਸਾਹਮਣੇ ਇਸ ਮਾਮਲੇ 'ਚ ਦੋਵੇਂ ਆਗੂ ਚੁੱਪ ਰਹੇ।
ਬਲਿੰਕਨ ਨੇ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਵਿੱਚ ਉਨ੍ਹਾਂ ਨੇ ਨਿਊਯਾਰਕ ਵਿੱਚ ਜੀ-20 ਅਤੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਦੌਰਾਨ 'ਬਹੁਤ ਚੰਗੀ ਚਰਚਾ' ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਭਾਰਤੀ ਹਮਰੁਤਬਾ ਨਾਲ ਗੱਲਬਾਤ ਦੀ ਉਡੀਕ ਕਰ ਰਹੇ ਹਨ। ਦੋਵਾਂ ਆਗੂਆਂ ਨੇ ਪੱਤਰਕਾਰਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ।
ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਦੇ 78ਵੇਂ ਜਨਰਲ ਅਸੈਂਬਲੀ ਸੈਸ਼ਨ ਨੂੰ ਸੰਬੋਧਨ ਕਰਨ ਤੋਂ ਬਾਅਦ ਬੁੱਧਵਾਰ ਨੂੰ ਨਿਊਯਾਰਕ ਤੋਂ ਇੱਥੇ ਪਹੁੰਚੇ ਜੈਸ਼ੰਕਰ ਨੇ ਵੀਰਵਾਰ ਨੂੰ ਬਿਡੇਨ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਕਈ ਬੈਠਕਾਂ ਕੀਤੀਆਂ। ਉਨ੍ਹਾਂ ਨੇ ਦਿਨ ਦੀ ਸ਼ੁਰੂਆਤ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਨਾਲ ਮੁਲਾਕਾਤ ਲਈ ਵ੍ਹਾਈਟ ਹਾਊਸ ਦੇ ਦੌਰੇ ਨਾਲ ਕੀਤੀ। ਵ੍ਹਾਈਟ ਹਾਊਸ ਨੇ ਮੀਟਿੰਗ ਦੇ ਵੇਰਵੇ ਜਾਰੀ ਨਹੀਂ ਕੀਤੇ।
ਮੰਤਰੀ ਨੇ ਐਕਸ 'ਤੇ ਪੋਸਟ ਕੀਤਾ, "ਇਸ ਸਾਲ ਸਾਡੇ ਦੁਵੱਲੇ ਸਬੰਧਾਂ ਵਿੱਚ ਹੋਈ ਜ਼ਬਰਦਸਤ ਪ੍ਰਗਤੀ ਨੂੰ ਪਛਾਣਿਆ ਅਤੇ ਇਸ ਨੂੰ ਅੱਗੇ ਲਿਜਾਣ ਦੇ ਤਰੀਕੇ ਬਾਰੇ ਚਰਚਾ ਕੀਤੀ।" ਵਾਸ਼ਿੰਗਟਨ ਡੀਸੀ ਵਿੱਚ ਥਿੰਕ ਟੈਂਕਾਂ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ, ਜੈਸ਼ੰਕਰ ਨੇ ਅਮਰੀਕੀ ਵਪਾਰ ਪ੍ਰਤੀਨਿਧੀ ਕੈਥਰੀਨ ਤਾਈ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ, ਅਸੀਂ ਆਪਣੇ ਵਧਦੇ ਵਪਾਰਕ ਅਤੇ ਆਰਥਿਕ ਸਬੰਧਾਂ ਅਤੇ ਇਸਦੇ ਵਿਆਪਕ ਮਹੱਤਵ ਬਾਰੇ ਗੱਲ ਕੀਤੀ।
ਤਾਈ ਨੇ ਕਿਹਾ ਕਿ ਅੱਜ ਮੈਂ ਅਮਰੀਕਾ-ਭਾਰਤ ਵਪਾਰਕ ਸਬੰਧਾਂ ਦੀ ਸਕਾਰਾਤਮਕ ਗਤੀ ਅਤੇ ਡਬਲਯੂਟੀਓ ਸੁਧਾਰਾਂ ਅਤੇ ਆਈਪੀਈਐਫ ਗੱਲਬਾਤ 'ਤੇ ਸਹਿਯੋਗ ਦੇ ਮੌਕਿਆਂ 'ਤੇ ਚਰਚਾ ਕਰਨ ਲਈ ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਜੈਸ਼ੰਕਰ ਨੇ ਥਿੰਕ ਟੈਂਕ ਨਾਲ ਆਪਣੀਆਂ ਮੀਟਿੰਗਾਂ ਨੂੰ ਖੁੱਲ੍ਹੀ ਅਤੇ ਲਾਭਕਾਰੀ ਗੱਲਬਾਤ ਦੱਸਿਆ। ਉਨ੍ਹਾਂ ਕਿਹਾ ਕਿ ਅਸੀਂ ਦੁਨੀਆ ਭਰ 'ਚ ਹੋ ਰਹੇ ਬਦਲਾਅ ਅਤੇ ਭਾਰਤ ਦੀ ਵਧਦੀ ਭੂਮਿਕਾ 'ਤੇ ਚਰਚਾ ਕੀਤੀ। ਜੈਸ਼ੰਕਰ ਸ਼ੁੱਕਰਵਾਰ ਨੂੰ ਵੱਕਾਰੀ ਹਡਸਨ ਇੰਸਟੀਚਿਊਟ ਥਿੰਕ-ਟੈਂਕ 'ਚ 'ਅੱਜ ਦੀ ਦੁਨੀਆ 'ਚ ਭਾਰਤ ਦੀ ਭੂਮਿਕਾ' ਵਿਸ਼ੇ 'ਤੇ ਬੋਲਣਗੇ।