ਨਵੀਂ ਦਿੱਲੀ : ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ ਦੇ ਮੁਖੀ ਯਾਸੀਨ ਮਲਿਕ ਦੇ ਮਾਮਲੇ 'ਚ ਸੁਪਰੀਮ ਕੋਰਟ 'ਚ ਨਿੱਜੀ ਤੌਰ 'ਤੇ ਪੇਸ਼ ਹੋਣ 'ਤੇ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਸਖਤ ਕਾਰਵਾਈ ਕਰਦੇ ਹੋਏ ਜੇਲ੍ਹ ਦੇ ਚਾਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਜੇਲ੍ਹ ਪ੍ਰਸ਼ਾਸਨ ਦੀ ਮੰਨੀਏ ਤਾਂ ਮਾਮਲੇ ਵਿੱਚ ਹੋਰ ਅਧਿਕਾਰੀ ਫੜੇ ਜਾ ਸਕਦੇ ਹਨ, ਮਾਮਲੇ ਦੀ ਜਾਂਚ ਚੱਲ ਰਹੀ ਹੈ।
ਇਕ ਡਿਪਟੀ ਤੇ ਦੋ ਸਹਾਇਕ ਸੂਪਰਡੈਂਟ ਮੁਅੱਤਲ :ਜੇਲ੍ਹ ਵਿਭਾਗ ਦਿੱਲੀ ਨੇ 21 ਜੁਲਾਈ ਨੂੰ ਮਾਨਯੋਗ ਸੁਪਰੀਮ ਕੋਰਟ ਦੇ ਸਾਹਮਣੇ ਯਾਸੀਨ ਮਲਿਕ ਦੀ ਵਿਅਕਤੀਗਤ ਪੇਸ਼ੀ ਦੇ ਸਬੰਧ ਵਿੱਚ ਤਿਹਾੜ ਜੇਲ੍ਹ ਦੇ ਇੱਕ ਡਿਪਟੀ ਸੁਪਰਡੈਂਟ, ਦੋ ਸਹਾਇਕ ਸੁਪਰਡੈਂਟ ਅਤੇ ਇੱਕ ਹੈੱਡ ਵਾਰਡਰ ਨੂੰ ਮੁਅੱਤਲ ਕਰ ਦਿੱਤਾ ਹੈ। ਮੁੱਢਲੀ ਜਾਂਚ ਦੇ ਆਧਾਰ ’ਤੇ ਪਹਿਲੀ ਨਜ਼ਰੇ ਇਨ੍ਹਾਂ ਨੂੰ ਜ਼ਿੰਮੇਵਾਰ ਪਾਇਆ ਗਿਆ। ਡੀਆਈਜੀ ਤਿਹਾੜ ਵੱਲੋਂ ਇਸ ਗੰਭੀਰ ਕੁਤਾਹੀ ਲਈ ਜ਼ਿੰਮੇਵਾਰ ਹੋਰ ਅਧਿਕਾਰੀਆਂ ਦੀ ਪਛਾਣ ਕਰਨ ਲਈ ਵਿਸਥਾਰਤ ਜਾਂਚ ਕੀਤੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਸੁਪਰੀਮ ਕੋਰਟ 'ਚ ਯਾਸੀਨ ਮਲਿਕ ਦੀ ਨਿੱਜੀ ਪੇਸ਼ੀ ਤੋਂ ਬਾਅਦ ਅਦਾਲਤ ਨੇ ਇਸ ਨੂੰ ਗੰਭੀਰ ਮਾਮਲਾ ਮੰਨਿਆ ਅਤੇ ਇਸ ਨੂੰ ਘੋਰ ਲਾਪਰਵਾਹੀ ਕਰਾਰ ਦਿੱਤਾ। ਇਸ ਤੋਂ ਬਾਅਦ ਤਿਹਾੜ ਜੇਲ੍ਹ ਦੇ ਡੀਜੀ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।