ਜਲੰਧਰ:ਆਮ ਤੌਰ ’ਤੇ ਜਦੋਂ ਚੋਣਾਂ ਆਉਂਦੀਆਂ ਹਨ ਤਾਂ ਰਾਜਨੀਤਿਕ ਪਾਰਟੀਆਂ ਦੀਆਂ ਰੈਲੀਆਂ ਅਤੇ ਚੋਣ ਪ੍ਰਚਾਰ ਲਈ ਸਾਮਾਨ ਬਣਾਉਣ ਵਾਲੇ ਲੋਕ ਅਤੇ ਇਸ ਦੇ ਨਾਲ ਜੁੜਦੇ ਹੋਰ ਕਾਰੋਬਾਰੀ ਪਹਿਲਾਂ ਤੋਂ ਹੀ ਆਪਣੇ ਕਾਰੋਬਾਰ ਵਿੱਚ ਕੰਮ ਆਉਣ ਵਾਲੇ ਸਾਮਾਨ ਮਸ਼ੀਨਾਂ ਅਤੇ ਲੇਬਰ ਦਾ ਇੰਤਜ਼ਾਮ ਕਰ ਕੇ ਰੱਖ ਲੈਂਦੇ ਹਨ ਪਰ ਇਸ ਵਾਰ ਕੋਵਿਡ ਕਰਕੇ ਚੋਣ ਕਮਿਸ਼ਨ ਵੱਲੋਂ ਦਿੱਤੀਆਂ ਗਈਆਂ ਹਿਦਾਇਤਾਂ ਮੁਤਾਬਕ ਰੈਲੀ ਨਾ ਕਰਨ ਅਤੇ ਭੀੜ ਇਕੱਠਾ ਨਾ ਕਰਨ ਦੇ ਨਾਲ ਨਾਲ ਚੋਣ ਪ੍ਰਚਾਰ ਲਈ ਘੱਟ ਤੋਂ ਘੱਟ ਖਰਚਾ ਨਿਸ਼ਚਿਤ ਕਰਨ ਤੋਂ ਬਾਅਦ ਇੰਨ੍ਹਾਂ ਵਪਾਰੀਆਂ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ ਹੈ।
ਮਾਲਕਾਂ ਕੋਲੋਂ ਪੈਸੇ ਐਡਵਾਂਸ ਤਾਂ ਮਿਲ ਗਏ, ਪਰ ਨਹੀਂ ਮਿਲ ਰਿਹਾ ਕੰਮ : ਲੇਬਰ
ਓਧਰ ਦੂਸਰੇ ਪਾਸੇ ਚੋਣਾਂ ਦੇ ਦੌਰਾਨ ਟੈਂਟ ਹਾਊਸ , ਸਾਊਂਡ ਅਤੇ ਫਲੈਕਸਾਂ ਦਾ ਕੰਮ ਕਰਨ ਵਾਲੀ ਲੇਬਰ ਵੀ ਇਸ ਵਾਰ ਵੈਹਲੀ ਬੈਠੀ ਹੈ। ਜ਼ਿਕਰਯੋਗ ਹੈ ਕਿ ਇੰਨ੍ਹਾਂ ਦਿਨਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੇਬਰ ਨੂੰ ਕੰਮ ਮਿਲਦਾ ਸੀ ਜਿਸ ਦੀ ਉਮੀਦ ਇਸ ਲੇਬਰ ਨੂੰ ਇਸ ਵਾਰ ਵੀ ਸੀ ਪਰ ਚੋਣ ਕਮਿਸ਼ਨ ਵੱਲੋਂ ਰੈਲੀਆਂ ਨਾ ਕੀਤੇ ਜਾਣ ਦੀਆਂ ਹਿਦਾਇਤਾਂ ਅਤੇ ਚੋਣ ਖਰਚੇ ਨੂੰ ਘੱਟ ਕਰਨ ਤੋਂ ਬਾਅਦ ਇਹ ਲੋਕ ਵੀ ਵਿਹਲੇ ਬੈਠੇ ਨਜ਼ਰ ਆ ਰਹੇ ਹਨ
ਚੋਣਾਂ ਦੌਰਾਨ ਕੰਮ ਕਰਨ ਵਾਲੇ ਲੋਕਾਂ ਦੀਆਂ ਉਮੀਦਾਂ ’ਤੇ ਕਿਉਂ ਫਿਰਿਆ ਪਾਣੀ ਪਰੇਸ਼ਾਨ ਹੋਏ ਇੰਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਇੰਨ੍ਹਾਂ ਦਿਨਾਂ ਲਈ ਮਾਲਕ ਉਨ੍ਹਾਂ ਨੂੰ ਪਹਿਲਾਂ ਹੀ ਐਡਵਾਂਸ ਪੈਸੇ ਦੇ ਕੇ ਬੁੱਕ ਕਰ ਲੈਂਦੇ ਸਨ ਅਤੇ ਇੰਨ੍ਹਾਂ ਦਿਨਾਂ ਵਿੱਚ ਦਿਨ ਰਾਤ ਕੰਮ ਕਰਕੇ ਖੂਬ ਪੈਸੇ ਕਮਾ ਲੈਂਦੇ ਸਨ। ਇਸ ਵਾਰ ਦੇ ਹਾਲਾਤ ਕੁਝ ਹੋਰ ਹਨ। ਇਸ ਵਾਰ ਹਾਲਾਤ ਇਹ ਹਨ ਕਿ ਰੋਜ਼ ਦਿਹਾੜੀ ਲਾਉਣ ਲਈ ਇਹ ਲੋਕ ਮਾਲਕਾਂ ਕੋਲ ਆ ਜਾਂਦੇ ਹਨ ਪਰ ਚਾਰ-ਚਾਰ ਪੰਜ-ਪੰਜ ਦਿਨ ਇੰਨ੍ਹਾਂ ਨੂੰ ਕੋਈ ਕੰਮ ਨਹੀਂ ਮਿਲਦਾ। ਹਾਲਾਤ ਇਹ ਹੋ ਗਏ ਹਨ ਕਿ ਇਹ ਲੋਕ ਜਿੰਨ੍ਹਾਂ ਨੂੰ ਇੰਨ੍ਹਾਂ ਦਿਨਾਂ ਵਿੱਚ ਹਜ਼ਾਰਾਂ ਰੁਪਏ ਕਮਾਉਣ ਦੀ ਉਮੀਦ ਸੀ ਅੱਜ ਰਿਕਸ਼ਾ ਚਲਾ ਕੇ ਆਪਣਾ ਗੁਜ਼ਾਰਾ ਕਰ ਰਹੇ ਹਨ।
ਕੋਵਿਡ ਕਰਕੇ ਰੈਲੀਆਂ ਅਤੇ ਸਹੀ ਚੋਣ ਪ੍ਰਚਾਰ ਨਾ ਹੋਣ ਨਾਲ ਘਾਟੇ ਵਿਚ ਵਪਾਰੀ
ਜਦੋਂ ਵੀ ਚੋਣਾਂ ਆਉਂਦੀਆਂ ਹਨ ਤਾਂ ਵੱਖ-ਵੱਖ ਪਾਰਟੀਆਂ ਵੱਲੋਂ ਵੱਡੀਆਂ ਵੱਡੀਆਂ ਰੈਲੀਆਂ ਕਰਵਾਈਆਂ ਜਾਂਦੀਆਂ ਹਨ। ਅਲੱਗ ਅਲੱਗ ਪਾਰਟੀਆਂ ਵੱਲੋਂ ਕਰਵਾਈਆਂ ਜਾਣ ਵਾਲੀਆਂ ਇੰਨ੍ਹਾਂ ਰੈਲੀਆਂ ਲਈ ਵੱਡੇ ਵੱਡੇ ਟੈਂਟ ਹਾਊਸ, ਹਜ਼ਾਰਾਂ ਦੀ ਗਿਣਤੀ ਵਿੱਚ ਕੁਰਸੀਆਂ, ਸਾਊਂਡ ਅਤੇ ਹੋਰ ਸਾਮਾਨ ਮੁਹੱਈਆ ਕਰਾਉਂਦੇ ਹਨ। ਇਹੀ ਨਹੀਂ ਵੱਡੀਆਂ ਵੱਡੀਆਂ ਫਲੈਕਸਾਂ ਬਣਵਾਈਆਂ ਜਾਂਦੀਆਂ ਹਨ। ਇਹ ਵੱਡੀਆਂ ਵੱਡੀਆਂ ਫਲੈਕਸਾਂ ਸਿਰਫ਼ ਰੈਲੀ ਸਥਾਨ ’ਤੇ ਹੀ ਨਹੀਂ ਬਲਕਿ ਹਰ ਰਾਜਨੀਤਕ ਪਾਰਟੀ ਦਾ ਉਮੀਦਵਾਰ ਆਪਣੇ ਚੋਣ ਪ੍ਰਚਾਰ ਲਈ ਇਸਤੇਮਾਲ ਕਰਦਾ ਹੈ।
ਪਰ ਇਸ ਵਾਰ ਇਸ ਕੰਮ ਨੂੰ ਕਰਨ ਵਾਲੇ ਕਾਰੋਬਾਰੀ ਵਿਹਲੇ ਬੈਠੇ ਨਜ਼ਰ ਆ ਰਹੇ ਹਨ ਕਿਉਂਕਿ ਨਾਂ ਤੇ ਹਾਲੇ ਤੱਕ ਚੋਣਾਂ ਦੌਰਾਨ ਕੋਈ ਰੈਲੀ ਹੋਈ ਹੈ ਅਤੇ ਨਾ ਹੀ ਪਾਰਟੀਆਂ ਵੱਲੋਂ ਐਲਾਨੇ ਗਏ ਉਮੀਦਵਾਰ ਇੰਨ੍ਹਾਂ ਕੋਲੋਂ ਆਪਣਾ ਕੰਮ ਕਰਵਾ ਰਹੇ ਹਨ। ਫਲੈਕਸ ਬਣਾਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਹਰ ਵਾਰ ਅਲੱਗ ਅਲੱਗ ਪਾਰਟੀਆਂ ਵੱਲੋਂ ਉਮੀਦਵਾਰ ਘੋਸ਼ਿਤ ਕੀਤੇ ਜਾਂਦਿਆਂ ਹੀ ਜਿੱਥੇ ਚੋਣ ਪ੍ਰਚਾਰ ਵਿੱਚ ਪੂਰੀ ਤੇਜ਼ੀ ਆਉਂਦੀ ਸੀ ਉਸਦੇ ਨਾਲ ਨਾਲ ਉਨ੍ਹਾਂ ਦੇ ਕਾਰੋਬਾਰ ਵਿੱਚ ਵੀ ਪੂਰੀ ਤਰ੍ਹਾਂ ਤੇਜ਼ੀ ਆ ਜਾਂਦੀ ਸੀ।
ਵਪਾਰੀ ਨੇ ਦੱਸਿਆ ਕਿ ਹਾਲਾਤ ਇਹ ਹੋ ਜਾਂਦੇ ਸਨ ਕਿ ਇੰਨ੍ਹਾਂ ਦਿਨਾਂ ਵਿੱਚ ਆਪਣੀਆਂ ਮਸ਼ੀਨਾਂ ਅਤੇ ਆਪਣੀ ਲੇਬਰ ਦੇ ਨਾਲ ਨਾਲ ਬਾਹਰੋਂ ਹੋਰ ਮਸ਼ੀਨਾਂ ਕਿਰਾਏ ’ਤੇ ਲੈ ਕੇ ਲੇਬਰ ਤੱਕ ਐਡਵਾਂਸ ਪੈਸੇ ਦੇ ਕੇ ਵਾਧੂ ਮੰਗਵਾਈ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਪਰ ਇਸ ਵਾਰ ਚੋਣ ਪ੍ਰਚਾਰ ਨੂੰ ਦੇਖਦੇ ਹੋਏ ਜਿੰਨ੍ਹਾਂ ਮਸ਼ੀਨਾਂ ਦੇ ਆਰਡਰ ਇਨ੍ਹਾਂ ਦੇ ਦਿੱਤੇ ਸੀ ਅਤੇ ਜੋ ਲੇਬਰ ਉਨ੍ਹਾਂ ਨੇ ਅਡਵਾਂਸ ਪੈਸੇ ਦੇ ਕੇ ਮੰਗਵਾਈ ਸੀ ਉਹ ਸਭ ਬੇਕਾਰ ਪਈ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਚੋਣ ਪ੍ਰਚਾਰ ਵਿੱਚ ਵਪਾਰ ਦੀ ਹੋਰ ਜ਼ਿਆਦਾ ਉਮੀਦ ਸੀ ਕਿਉਂਕਿ ਇਸ ਵਾਰ ਪਾਰਟੀਆਂ ਵੀ ਕਾਫ਼ੀ ਜ਼ਿਆਦਾ ਹਨ ਤੇ ਇੰਨ੍ਹਾਂ ਨੂੰ ਆਰਡਰ ਵੀ ਕਾਫੀ ਜ਼ਿਆਦਾ ਮਿਲਣੇ ਸਨ।
ਜ਼ਿਕਰਯੋਗ ਹੈ ਕਿ ਪਹਿਲਾਂ ਜਿੱਥੇ ਕਾਂਗਰਸ ਤੋਂ ਬਾਅਦ ਅਕਾਲੀ ਦਲ ਭਾਜਪਾ ਵਰਗੀਆਂ ਪਾਰਟੀਆਂ ਚੋਣ ਪ੍ਰਚਾਰ ਵਿੱਚ ਸਭ ਤੋਂ ਜ਼ਿਆਦਾ ਪੈਸੇ ਖਰਚ ਕਰਦੀਆਂ ਸਨ। ਇਸ ਵਾਰ ਚੋਣਾਂ ਵਿੱਚ ਜਿੰਨੀਆਂ ਪਾਰਟੀਆਂ ਹਿੱਸਾ ਲੈ ਰਹੀਆਂ ਹਨ ਉਸ ਹਿਸਾਬ ਨਾਲ ਇੰਨ੍ਹਾਂ ਲੋਕਾਂ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਕਾਰੋਬਾਰ ਦੀ ਉਮੀਦ ਸੀ ਪਰ ਕੋਰੋਨਾ ਕਰਕੇ ਉਨ੍ਹਾਂ ਦੀਆਂ ਉਮੀਦਾਂ ’ਤੇ ਪੂਰੀ ਤਰ੍ਹਾਂ ਪਾਣੀ ਫਿਰ ਚੁੱਕਿਆ ਹੈ।
ਇਹ ਵੀ ਪੜ੍ਹੋ:ਈਡੀ ਰੇਡ ’ਤੇ ਚੰਨੀ ਨੂੰ ਕੇਜਰੀਵਾਲ ਦਾ ਮੋੜਵਾਂ ਜਵਾਬ