ਨਵੀਂ ਦਿੱਲੀ: ਇਹਨੀਂ ਦਿਨੀਂ ਦੇਸ਼ ਭਰ ਵਿੱਚ ਪੈ ਰਹੀ ਹੱਡ ਚੀਰਵੀਂ ਠੰਡ ਕਾਰਨ ਲੋਕ ਪ੍ਰਭਾਵਿਤ ਹੋ ਰਹੇ ਹਨ। ਖ਼ਾਸ ਕਰਕੇ ਬੱਚੇ ਇਸ ਠੰਡ ਦੇ ਕਹਿਰ ਵਿੱਚ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ। ਜਿੰਨਾਂ ਨੂੰ ਦੇਖਦੇ ਹੋਏ ਸਰਕਾਰ ਨੇ ਬੱਚਿਆਂ ਨੂੰ ਰਾਹਤ ਦਿੰਦਿਆਂ ਕੜਾਕੇ ਦੀ ਠੰਢ ਦੇ ਮੱਦੇਨਜ਼ਰ ਅਗਲੇ 5 ਦਿਨਾਂ ਤੱਕ ਨਰਸਰੀ ਤੋਂ 5ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਾਰੇ ਸਕੂਲ ਬੰਦ ਰਹਿਣਗੇ। ਦਿੱਲੀ ਦੇ ਸਿੱਖਿਆ ਮੰਤਰੀ ਆਤਿਸ਼ੀ (Delhi App Govt) ਨੇ ਐਤਵਾਰ ਨੂੰ ਇਹ ਐਲਾਨ ਕੀਤਾ।
ਪਹਿਲਾਂ ਹੁਕਮ ਦੇ ਕੇ ਲਏ ਸਨ ਵਾਪਿਸ: ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਦਿੱਲੀ 'ਚ ਸੀਤ ਲਹਿਰ ਅਤੇ ਧੁੰਦ ਦੀ ਸਥਿਤੀ ਨੂੰ ਦੇਖਦੇ ਹੋਏ ਸਿੱਖਿਆ ਡਾਇਰੈਕਟੋਰੇਟ ਨੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਨੂੰ 10 ਜਨਵਰੀ ਤੱਕ ਬੰਦ ਕਰਨ ਦੇ ਹੁਕਮ ਦਿੱਤੇ ਸਨ। ਪਰ ਇੱਕ ਘੰਟੇ ਬਾਅਦ ਇਹ ਹੁਕਮ ਵਾਪਸ ਲੈ ਲਿਆ ਗਿਆ। ਅਧਿਕਾਰੀਆਂ ਨੇ ਦਲੀਲ ਦਿੱਤੀ ਸੀ ਕਿ ਕੁਝ ਬੇਨਿਯਮੀਆਂ ਕਾਰਨ ਆਰਡਰ ਵਾਪਸ ਲੈ ਲਿਆ ਗਿਆ ਸੀ। ਅਗਲੇ ਹੁਕਮ ਐਤਵਾਰ ਨੂੰ ਜਾਰੀ ਕੀਤੇ ਜਾਣਗੇ।
9 ਜਨਵਰੀ ਨੂੰ ਦਿੱਲੀ 'ਚ ਵੀ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ: ਜ਼ਿਕਰਯੋਗ ਹੈ ਕਿ ਦਿੱਲੀ 'ਚ ਪਿਛਲੇ ਕਈ ਦਿਨਾਂ ਤੋਂ ਸੀਤ ਲਹਿਰ ਅਤੇ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਇਸ ਸਬੰਧੀ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਐਤਵਾਰ ਸਵੇਰੇ ਦਿੱਲੀ ਦਾ ਤਾਪਮਾਨ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ 9 ਜਨਵਰੀ ਨੂੰ ਦਿੱਲੀ 'ਚ ਵੀ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਸ਼ਰਤਾਂ ਕਾਰਨ ਪੰਜਵੀਂ ਜਮਾਤ ਤੱਕ ਦੇ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਸੂਬੇ ਦੇ ਸਕੂਲਾਂ 'ਚ ਨਹੀਂ ਹੋਣਗੀਆਂ ਹੋਰ ਛੁੱਟੀਆਂ:ਕਾਬਿਲੇਗੌਰ ਹੈ ਕਿ ਇੱਕ ਪਾਸੇ ਸੂਬੇ 'ਚ ਠੰਢ ਦਾ ਕਹਿਰ ਜਾਰੀ ਹੈ ਤਾਂ ਦੂਜੇ ਪਾਸੇ ਬੀਤੇ ਦਿਨੀਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਵਲੋਂ ਸਕੂਲਾਂ ਦੀਆਂ ਹੋਰ ਛੱਟੀਆਂ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਿਸ 'ਚ ਸਿੱਖਿਆ ਮੰਤਰੀ ਬੈਂਸ ਦਾ ਕਹਿਣਾ ਸੀ ਕਿ ਪਹਿਲਾਂ ਹੀ ਠੰਢ ਕਰਕੇ ਅਤੇ ਪੰਜਾਬ 'ਚ ਆਏ ਹੜ੍ਹਾਂ ਕਾਰਨ ਸਕੂਲਾਂ 'ਚ ਵਾਧੂ ਛੁੱਟੀਆਂ ਹੋ ਚੁੱਕੀਆਂ ਹਨ। ਜਿਸ ਕਾਰਨ ਸਕੂਲਾਂ ਦੇ ਅਕਾਦਮਿਕ ਕਲੰਡਰ ਅਨੁਸਾਰ ਦਿਨ ਘੱਟ ਜਾਣਗੇ, ਜਿਸ ਦੇ ਚੱਲਦੇ ਹੋਰ ਛੁੱਟੀਆਂ ਨਹੀਂ ਕੀਤੀਆਂ ਜਾ ਸਕਦੀਆਂ। ਉਨ੍ਹਾਂ ਕਿਹਾ ਇਸ ਨਾਲ ਬੱਚਿਆਂ ਦੀ ਪੜ੍ਹਾਈ ਉਤੇ ਮਾੜਾ ਅਸਰ ਪੈਂਦਾ ਹੈ ਕਿਉਂਕਿ ਚੋਣਾਂ ਕਰਕੇ ਇਸ ਵਾਰ ਫਰਵਰੀ ਵਿੱਚ ਹੀ ਪ੍ਰੀਖਿਆਵਾਂ ਲੈ ਲਈਆਂ ਜਾਣਗੀਆਂ।