ਨਵੀਂ ਦਿੱਲੀ : ਦੱਖਣੀ ਦਿੱਲੀ ਦੇ ਮਾਲਵੀਆ ਨਗਰ ਸਥਿਤ ਵਿਜੇ ਮੰਡਲ ਪਾਰਕ 'ਚ ਦਿੱਲੀ ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਦੀ ਲਾਸ਼ ਮਿਲੀ ਹੈ।ਜਾਣਕਾਰੀ ਮੁਤਾਬਿਕ ਡੀਸੀਪੀ ਦੱਖਣੀ ਚੰਦਨ ਚੌਧਰੀ ਨੇ ਦੱਸਿਆ ਕਿ ਇਸ ਬਾਰੇ ਸੂਚਨਾ ਮਿਲੀ ਸੀ ਕਿ ਦੱਖਣੀ ਦਿੱਲੀ ਦੇ ਮਾਲਵੀਆ ਨਗਰ ਵਿੱਚ ਅਰਬਿੰਦੋ ਕਾਲਜ ਨੇੜੇ ਇੱਕ ਲੜਕੀ ਦੀ ਲਾਸ਼ ਬਰਾਮਦ ਹੋਈ ਹੈ। ਲਾਸ਼ ਦੇ ਕੋਲ ਲੋਹੇ ਦੀ ਰੌਡ ਮਿਲੀ ਹੈ। ਮੁੱਢਲੀ ਜਾਂਚ ਮੁਤਾਬਕ ਲੜਕੀ 'ਤੇ ਨੌਜਵਾਨ ਵੱਲੋਂ ਹਮਲਾ ਕੀਤਾ ਗਿਆ ਸੀ। ਇਸ ਬਾਰੇ ਹੋਰ ਜਾਂਚ ਕੀਤੀ ਜਾ ਰਹੀ ਹੈ।
ਪਾਰਕ ਦੇ ਬੈਂਚ ਹੇਠੋਂ ਮਿਲੀ ਲਾਸ਼ :ਦੱਸਿਆ ਜਾ ਰਿਹਾ ਹੈ ਕਿ ਲੜਕੀ ਦੀ ਉਮਰ 25 ਸਾਲ ਹੈ ਅਤੇ ਉਹ ਦਿੱਲੀ ਦੀ ਕਮਲਾ ਨਹਿਰੂ ਯੂਨੀਵਰਸਿਟੀ ਦੀ ਵਿਦਿਆਰਥਣ ਹੈ। ਡੀਸੀਪੀ ਮੁਤਾਬਕ ਉਨ੍ਹਾਂ ਨੂੰ ਦੁਪਹਿਰ 12.08 ਵਜੇ ਫੋਨ ਆਇਆ ਕਿ ਬੱਚੀ ਦੀ ਲਾਸ਼ ਪਾਰਕ ਵਿੱਚ ਬੈਂਚ ਹੇਠਾਂ ਪਈ ਹੈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਮੌਕੇ 'ਤੇ ਪਹੁੰਚ ਕੇ ਖੂਨ ਨਾਲ ਲੱਥਪੱਥ ਲਾਸ਼ ਮਿਲੀ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਵਿਦਿਆਰਥਣ 'ਤੇ ਵਿਆਹ ਲਈ ਦਬਾਅ ਪਾ ਰਿਹਾ ਸੀ ਪਰ ਉਹ ਇਸ ਲਈ ਤਿਆਰ ਨਹੀਂ ਸੀ। ਮੁਲਜ਼ਮ ਦੀ ਪਛਾਣ ਇਰਫਾਨ ਵਜੋਂ ਹੋਈ ਹੈ ਅਤੇ ਉਹ ਸੰਗਮ ਵਿਹਾਰ ਇਲਾਕੇ ਵਿੱਚ ਰਹਿੰਦਾ ਸੀ। ਵਿਦਿਆਰਥੀ ਵੀ ਉਸਦਾ ਰਿਸ਼ਤੇਦਾਰ ਸੀ।