ਹੈਦਰਾਬਾਦ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੀ ਅਗਵਾਈ ਵਾਲੀ ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐੱਸ.) ਸਰਕਾਰ ਨੂੰ ਸੂਬੇ ਦੇ ਲੋਕਾਂ ਲਈ ਵਿਕਾਸ ਦੀਆਂ ਯੋਜਨਾਵਾਂ 'ਚ ਕੋਈ ਰੁਕਾਵਟ ਨਾ ਪੈਦਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਸੂਬੇ ਵਿੱਚ ਕੇਂਦਰ ਦੀਆਂ ਸਕੀਮਾਂ ਪ੍ਰਤੀ ਸੱਤਾਧਾਰੀ ਧਿਰ ਵੱਲੋਂ ਕਥਿਤ ਤੌਰ ’ਤੇ ਨਾ-ਮਿਲਵਰਤਣ ’ਤੇ ਦੁੱਖ ਪ੍ਰਗਟਾਇਆ। ਇਥੇ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਸੇ ਦਾ ਨਾਂ ਲਏ ਬਿਨਾਂ ਕਿਹਾ ਕਿ ‘ਭਤੀਜਾਵਾਦ’ ਨੂੰ ਬੜ੍ਹਾਵਾ ਦੇਣ ਵਾਲੇ ਮੁੱਠੀ ਭਰ ਲੋਕ ਇਸ ਗੱਲ ਦੀ ਪੜਚੋਲ ਕਰ ਰਹੇ ਹਨ ਕਿ ਤੇਲੰਗਾਨਾ ਦੇ ਲੋਕਾਂ ਲਈ ਸ਼ੁਰੂ ਕੀਤੇ ਗਏ ਪ੍ਰਾਜੈਕਟਾਂ ਤੋਂ ਉਹ ਕਿਵੇਂ ਲਾਭ ਉਠਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਕੇਂਦਰ ਦੇ ਪ੍ਰਾਜੈਕਟਾਂ ਵਿੱਚ ਸੂਬਾ ਸਰਕਾਰ ਦਾ ਨਾ-ਮਿਲਵਰਤਣ ਉਨ੍ਹਾਂ ਨੂੰ ਦੁਖੀ ਕਰਦਾ ਹੈ ਅਤੇ ਇਸ ਨਾਲ ਤੇਲੰਗਾਨਾ ਦੇ ਲੋਕਾਂ ਦੇ ਸੁਪਨੇ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਕਿਹਾ, 'ਮੈਂ ਸੂਬਾ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਉਹ ਤੇਲੰਗਾਨਾ ਦੇ ਲੋਕਾਂ ਲਈ ਬਣਾਈਆਂ ਜਾ ਰਹੀਆਂ ਵਿਕਾਸ ਯੋਜਨਾਵਾਂ ਨੂੰ ਲਾਗੂ ਕਰਨ 'ਚ ਅੜਚਣ ਨਾ ਪੈਦਾ ਕਰਨ।' ਪ੍ਰਧਾਨ ਮੰਤਰੀ ਨੇ ਕਿਹਾ ਕਿ 'ਪਰਿਵਾਰਵਾਦ' ਅਤੇ 'ਭ੍ਰਿਸ਼ਟਾਚਾਰ' ਵੱਖ-ਵੱਖ ਨਹੀਂ ਹਨ, ਜਿੱਥੇ 'ਪਰਿਵਾਰਵਾਦ' ਹੁੰਦਾ ਹੈ, 'ਭ੍ਰਿਸ਼ਟਾਚਾਰ' ਵਧਦਾ-ਫੁੱਲਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਤੇਲੰਗਾਨਾ ਵਿੱਚ ਗਰੀਬ ਲੋਕਾਂ ਨੂੰ ਵੰਡੇ ਜਾ ਰਹੇ ਰਾਸ਼ਨ ਨੂੰ ਵੀ ‘ਪਰਿਵਾਰਵਾਦ’ ਲੁੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਤਰੱਕੀ ਸਮੁੱਚੇ ਦੇਸ਼ ਦੇ ਵਿਕਾਸ ਲਈ ਜ਼ਰੂਰੀ ਹੈ।