ਬੇਂਗਲੁਰੂ: ਕਰਨਾਟਕ ਦੇ ਬੇਂਗਲੁਰੂ ਤੋਂ ਦਿਲ ਕੰਬਾਉ ਹਾਦਸਾ ਵਾਪਰਿਆ, ਇੱਥੇ ਇੱਕ ਸੜਕੀ ਹਾਦਸੇ ਚ ਤਾਮਿਲਨਾਡੂ ਦੇ ਹੋਸੂਰ ਤੋਂ ਡੀਐਮਕੇ ਵਿਧਾਇਕ ਦੇ ਪੁੱਤਰ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮੰਗਲਵਾਰ ਤੜਕੇ ਇੱਕ ਤੇਜ਼ ਰਫਤਾਰ ਲਗਜ਼ਰੀ ਓਡੀ ਕਾਰ ਬੰਗਲੁਰੂ ’ਚ ਤੜਕਸਾਰ ਫੁੱਟਪਾਥ ’ਤੇ ਇੱਕ ਖੰਭੇ ਨਾਲ ਜਾ ਟਕਰਾਈ ਅਤੇ ਉਸ ਤੋਂ ਬਾਅਦ ਕੋਲ ਦੀ ਇੱਕ ਇਮਾਰਤ ਦੀ ਕੰਧ ਨਾਲ ਜਾ ਟਕਰਾਈ। ਇਹ ਘਟਨਾ ਕੋਰਮੰਗਲਾ ਖੇਤਰ ਦੇ ਮੰਗਲਾ ਕਲਿਆਣ ਮੰਟਾਪਾ ਦੇ ਨੇੜੇ ਵਾਪਰੀ। ਮ੍ਰਿਤਕਾਂ ਦੀ ਪਛਾਣ ਹੋਸੂਰ ਵਿਧਾਨ ਸਭਾ ਹਲਕੇ ਦੇ ਡੀਐਮਕੇ ਵਿਧਾਇਕ ਵਾਈ. ਪ੍ਰਕਾਸ਼ ਦੇ ਪੁੱਤਰ ਕਰੁਣ ਸਾਗਰ (28), ਬਿੰਦੂ, ਇਸ਼ਿਤਾ (21), ਡਾ: ਧਨੁਸ਼ਾ (21), ਅਕਸ਼ੈ ਗੋਇਲ (23), ਉਤਸਵ ਅਤੇ ਰੋਹਿਤ (23) ਵੱਜੋਂ ਹੋਈ ਹੈ।
ਔਦੁਗੋਡੀ ਟ੍ਰੈਫਿਕ ਪੁਲਿਸ ਨੇ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਉਨ੍ਹਾਂ ਵਿੱਚੋਂ ਛੇ ਦੀ ਮੌਕੇ 'ਤੇ ਅਤੇ ਇੱਕ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਲਗਜ਼ਰੀ ਵਾਹਨਾਂ ਦੇ ਏਅਰਬੈਗ ਨਹੀਂ ਖੁੱਲ੍ਹੇ, ਜਿਸ ਕਾਰਨ ਵਾਹਨ ਵਿੱਚ ਸਵਾਰ ਸਾਰੇ ਯਾਤਰੀਆਂ ਦੀ ਮੌਤ ਹੋ ਗਈ।