ਨਵੀਂ ਦਿੱਲੀ:ਡੀਐਮਕੇ ਮੁਖੀ ਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਨੇ ਸੋਮਵਾਰ ਨੂੰ ਵਿਰੋਧੀ ਨੇਤਾਵਾਂ ਦੀ ਬੈਠਕ ਬੁਲਾਈ ਹੈ। ਇਸ ਵਿੱਚ ਕਾਂਗਰਸ ਸਮੇਤ 20 ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਸੱਦਾ ਦਿੱਤਾ ਗਿਆ ਹੈ। ਮੀਟਿੰਗ ਵਿੱਚ ਕੁਝ ਆਗੂ ਆਨਲਾਈਨ ਰਾਹੀਂ ਹਿੱਸਾ ਲੈਣਗੇ। ਮੀਡੀਆ ਰਿਪੋਰਟਾਂ ਮੁਤਾਬਕ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਆਪਣੀ ਸ਼ਮੂਲੀਅਤ ਦੀ ਪੁਸ਼ਟੀ ਕੀਤੀ ਹੈ। ਕੁਝ ਰਾਜਾਂ ਦੇ ਮੁੱਖ ਮੰਤਰੀਆਂ ਨੇ ਆਪਣੇ ਨੁਮਾਇੰਦੇ ਭੇਜਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਵਿੱਚ ਪੱਛਮੀ ਬੰਗਾਲ ਦੀ ਸੀਐਮ ਮਮਤਾ ਬੈਨਰਜੀ, ਤੇਲੰਗਾਨਾ ਦੇ ਸੀਐਮ ਕੇਸੀਆਰ ਅਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਸ਼ਾਮਲ ਹਨ।
ਆਮ ਆਦਮੀ ਪਾਰਟੀ ਤੋਂ ਸੰਜੇ ਸਿੰਘ, ਬੀਆਰਐਸ ਤੋਂ ਕੇਸ਼ਵ ਰਾਓ ਅਤੇ ਟੀਐਮਸੀ ਤੋਂ ਡੇਰੇਕ ਓ ਬ੍ਰਾਇਨ ਸ਼ਾਮਲ ਹੋਣਗੇ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਡੀਐਮਕੇ ਮੁਖੀ ਸਟਾਲਿਨ ਦੇ 70ਵੇਂ ਜਨਮ ਦਿਨ 'ਤੇ ਸਾਰੀਆਂ ਵਿਰੋਧੀ ਪਾਰਟੀਆਂ ਦੇ ਨੇਤਾ ਇਕੱਠੇ ਹੋਏ ਸਨ। ਕੱਲ੍ਹ ਦੀ ਮੀਟਿੰਗ ਦਾ ਏਜੰਡਾ ਪੂਰੀ ਤਰ੍ਹਾਂ ਸਾਫ਼ ਨਹੀਂ ਹੋ ਸਕਿਆ ਹੈ। ਇੱਥੋਂ ਤੱਕ ਕਿ ਡੀਐਮਕੇ ਨੇ ਵੀ ਮੀਡੀਆ ਨੂੰ ਬਿਆਨ ਦਿੱਤਾ ਹੈ ਕਿ ਮੀਟਿੰਗ ਦਾ ਕੋਈ ਸਿਆਸੀ ਇਰਾਦਾ ਨਹੀਂ ਹੈ। ਉਨ੍ਹਾਂ ਅਨੁਸਾਰ ਸਮਾਜਿਕ ਨਿਆਂ ਸਬੰਧੀ ਮੀਟਿੰਗ ਬੁਲਾਈ ਗਈ ਹੈ।
ਬੈਠਕ 'ਚ ਰਾਸ਼ਟਰੀ ਜਨਤਾ ਦਲ ਦੇ ਤੇਜਸਵੀ ਯਾਦਵ, ਸਪਾ ਦੇ ਅਖਿਲੇਸ਼ ਯਾਦਵ, ਐੱਨਸੀ ਦੇ ਫਾਰੂਕ ਅਬਦੁੱਲਾ, ਸੀਪੀਐੱਮ ਦੇ ਸੀਤਾਰਾਮ ਯੇਚੁਰੀ ਅਤੇ ਸੀਪੀਆਈ ਦੇ ਡੀ ਰਾਜਾ ਸ਼ਾਮਲ ਹੋ ਰਹੇ ਹਨ। ਬੀਜੇਡੀ ਦੇ ਸਸਮਿਤ ਪਾਤਰਾ ਅਤੇ ਵਾਈਐਸਆਰ ਦੇ ਏ ਸੁਰੇਸ਼ ਦੇ ਵੀ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਸ ਬੈਠਕ 'ਚ NCP ਅਤੇ ਸ਼ਿਵ ਸੈਨਾ ਵੀ ਹਿੱਸਾ ਲੈ ਸਕਦੇ ਹਨ। ਵੈਸੇ, ਬੀਜੇਡੀ ਅਤੇ ਵਾਈਐਸਆਰ ਦੀ ਤਰਫੋਂ ਕਿਹਾ ਗਿਆ ਹੈ ਕਿ ਮੀਟਿੰਗ ਵਿੱਚ ਸਮਾਜਿਕ ਨਿਆਂ ਦੇ ਮੁੱਦੇ ਨਹੀਂ ਆਉਣਗੇ। ਉਨ੍ਹਾਂ ਦੇ ਨੁਮਾਇੰਦੇ ਮੀਟਿੰਗ ਵਿੱਚ ਹਿੱਸਾ ਲੈਣਗੇ ਜਾਂ ਨਹੀਂ ਇਸ ਬਾਰੇ ਅੰਤਿਮ ਫੈਸਲਾ ਨਹੀਂ ਲਿਆ ਗਿਆ ਹੈ।