ਚੰਡੀਗੜ੍ਹ: ਸਦੀਵੀ ਧਰਮ 'ਚ ਕਾਰਤਿਕ ਮਹੀਨੇ ਦੀ ਅਮਾਵਸਿਆ ਵਾਲੇ ਦਿਨ ਰੌਸ਼ਨੀ ਅਤੇ ਖੁਸ਼ੀਆਂ ਦਾ ਤਿਓਹਾਰ ਮਨਾਇਆ ਜਾਂਦਾ ਹੈ। ਜੋਤਸ਼ੀ ਅਨੁਸਾਰ, ਇਸ ਸਾਲ ਦਿਵਾਲੀ 12 ਨਵੰਬਰ ਨੂੰ ਹੈ। ਪੰਚਾਗ ਅਤੇ ਜੋਤਸ਼ੀ ਅਨੁਸਾਰ, ਇਸ ਸਾਲ ਦਿਵਾਲੀ 'ਤੇ ਕਈ ਸ਼ੁੱਭ ਯੋਗ ਬਣ ਰਹੇ ਹਨ।
ਦਿਵਾਲੀ 'ਤੇ ਪੂਜਾ ਦਾ ਸ਼ੁੱਭ ਮੁਹੂਰਤ: ਇਸ ਸਾਲ ਦਿਵਾਲੀ 'ਤੇ ਮਾਂ ਲਕਸ਼ਮੀ ਦੀ ਪੂਜਾ ਲਈ 2 ਸ਼ੁੱਭ ਮੁਹੂਰਤ ਹਨ। ਦਿਵਾਲੀ ਦੇ ਦਿਨ ਲਕਸ਼ਮੀ ਪੂਜਾ ਲਈ ਪਹਿਲਾ ਸ਼ੁੱਭ ਮੁਹੂਰਤ ਸ਼ਾਮ 5:38 ਵਜੇ ਤੋਂ ਸ਼ਾਮ 7:35 ਵਜੇ ਤੱਕ ਹੈ। ਇਸ ਤੋਂ ਇਲਾਵਾ 12 ਨਵੰਬਰ ਦੀ ਰਾਤ ਨੂੰ 11:35 ਵਜੇ ਤੋਂ ਦੇਰ ਰਾਤ 12:32 ਵਜੇ ਤੱਕ ਵੀ ਨਿਸ਼ਿਤਾ ਕਾਲ 'ਚ ਪੂਜਾ ਲਈ ਮੁਹੂਰਤ ਹੈ। ਜੋਤਸ਼ੀ ਅਨੁਸਾਰ, ਦਿਵਾਲੀ ਦੇ ਦਿਨ ਪ੍ਰਦੋਸ਼ ਕਾਲ 'ਚ ਮਾਤਾ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀ ਪੂਜਾ ਦਾ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਆਯੁਸ਼ਮਾਨ ਯੋਗ: 12 ਨਵੰਬਰ, ਸਵੇਰ ਤੋਂ ਸ਼ਾਮ 4:25 ਵਜੇ ਤੱਕ ਹੈ। ਇਸਦੇ ਨਾਲ ਹੀ ਸੌਭਾਗਯ ਯੋਗ 13 ਨਵੰਬਰ ਨੂੰ ਸ਼ਾਮ 04:25 ਤੋਂ 03:23 ਤੱਕ ਹੈ। ਇਸ ਦਿਨ ਸਵਾਤੀ ਨਕਸ਼ਤਰ 12 ਨਵੰਬਰ, ਸਵੇਰ ਤੋਂ ਦੇਰ ਰਾਤ 02:51 ਵਜੇ ਤੱਕ ਹੈ।
ਦਿਵਾਲੀ ਦੇ ਦਿਨ ਇਸ ਤਰ੍ਹਾਂ ਕਰੋ ਮਾਤਾ ਲਕਸ਼ਮੀ ਦੀ ਪੂਜਾ: ਦਿਵਾਲੀ ਦੇ ਦਿਨ ਲਕਸ਼ਮੀ ਪੂਜਾ ਕਰਨ ਲਈ ਸਭ ਤੋਂ ਪਹਿਲਾ ਇਸ਼ਨਾਨ ਕਰਨ ਤੋਂ ਬਾਅਦ ਸਾਫ਼-ਸੁਥਰੇ ਕੱਪੜੇ ਪਾਓ ਅਤੇ ਪੂਜਾ ਵਾਲੀ ਜਗ੍ਹਾਂ 'ਤੇ ਬੈਠ ਕੇ ਸੰਕਲਪ ਲਓ। ਘਰ ਦੇ ਉੱਤਰ-ਪੂਰਬ ਜਾਂ ਉੱਤਰ ਦਿਸ਼ਾ 'ਚ ਪੂਜਾ ਸਥਾਨ 'ਤੇ ਲਾਲ ਕੱਪੜਾ ਵਿਛਾਓ। ਇਸ ਤੋਂ ਬਾਅਦ ਲਾਲ ਕੱਪੜੇ 'ਤੇ ਲਕਸ਼ਮੀ ਅਤੇ ਗਣੇਸ਼ ਦੀ ਮੂਰਤੀ ਸਥਾਪਿਤ ਕਰੋ। ਫਿਰ ਮਾਤਾ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀ ਪੂਜਾ ਕਰੋ। ਇਸ ਤੋਂ ਬਾਅਦ ਗੰਗਾਜਲ ਨਾਲ ਭਗਵਾਨ ਗਣੇਸ਼ ਅਤੇ ਦੇਵੀ ਲਕਸ਼ਮੀ ਦਾ ਇਸ਼ਨਾਨ ਕਰਵਾਓ ਅਤੇ ਉਨ੍ਹਾਂ ਨੂੰ ਕੱਪੜੇ ਚੜ੍ਹਾਓ।