ਦਿੱਲੀ : ਪੱਛਮੀ ਬੰਗਾਲ ਦੇ ਬੈਰਕਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਅਰਜੁਨ ਸਿੰਘ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਅਰਜੁਨ ਸਿੰਘ ਨੇ ਟੀਐਮਸੀ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਦੇ ਸਾਹਮਣੇ ਪਾਰਟੀ ਦੀ ਮੈਂਬਰਸ਼ਿਪ ਲਈ। ਸਿੰਘ ਬੰਗਾਲ ਭਾਜਪਾ ਦੇ ਉਪ ਪ੍ਰਧਾਨ ਵੀ ਸਨ, ਉਹ 2019 ਦੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋਏ ਅਤੇ ਬੈਰਕਪੁਰ ਤੋਂ ਸੰਸਦ ਮੈਂਬਰ ਬਣੇ। ਸਿੰਘ ਬੰਗਾਲ ਵਿਧਾਨ ਸਭਾ ਵਿੱਚ ਭਾਟਪਾੜਾ ਤੋਂ ਚਾਰ ਵਾਰ ਵਿਧਾਇਕ ਰਹਿ ਚੁੱਕੇ ਹਨ। ਪਿਛਲੇ 11 ਮਹੀਨਿਆਂ 'ਚ ਬੰਗਾਲ ਭਾਜਪਾ ਦੇ 5 ਵੱਡੇ ਨੇਤਾ ਪਾਰਟੀ ਛੱਡ ਚੁੱਕੇ ਹਨ।
ਬੀਜੇਪੀ 'ਤੇ ਚੁਟਕੀ ਲੈਂਦੇ ਹੋਏ ਅਰਜੁਨ ਸਿੰਘ ਨੇ ਕਿਹਾ- "ਏਸੀ ਰੂਮ 'ਚ ਬੈਠ ਕੇ ਰਾਜਨੀਤੀ ਨਹੀਂ ਕੀਤੀ ਜਾ ਸਕਦੀ। ਇਸ ਦੇ ਲਈ ਤੁਹਾਨੂੰ ਲੋਕਾਂ ਤੱਕ ਪਹੁੰਚ ਕਰਨੀ ਪਵੇਗੀ। ਜਿਸ ਸਿਆਸੀ ਪਾਰਟੀ ਵਿੱਚ ਦੂਜੇ ਵੱਲ ਉਂਗਲ ਉਠਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਸੇ ਭਾਜਪਾ ਵਿੱਚ ਅਜੇ ਵੀ ਟੀਐਮਸੀ ਦੇ 2 ਸੰਸਦ ਮੈਂਬਰ ਹਨ, ਜਿਨ੍ਹਾਂ ਨੇ ਅਸਤੀਫ਼ਾ ਨਹੀਂ ਦਿੱਤਾ ਹੈ। ਮੈਂ ਉਨ੍ਹਾਂ ਨੂੰ ਬੇਨਤੀ ਕਰਾਂਗਾ ਕਿ ਉਨ੍ਹਾਂ ਦੋਵਾਂ ਸੰਸਦ ਮੈਂਬਰਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।"
ਇਸ ਦੇ ਨਾਲ ਹੀ, ਬੈਰਕਪੁਰ ਦੇ ਸੰਸਦ ਮੈਂਬਰ ਅਰਜੁਨ ਸਿੰਘ ਦੇ ਟੀਐਮਸੀ ਵਿੱਚ ਸ਼ਾਮਲ ਹੋਣ ਤੋਂ ਤੁਰੰਤ ਬਾਅਦ, ਉਨ੍ਹਾਂ ਦੀ ਰਿਹਾਇਸ਼ ਤੋਂ ਭਾਜਪਾ ਦੇ ਝੰਡੇ ਉਤਾਰ ਦਿੱਤੇ ਗਏ ਅਤੇ ਟੀਐਮਸੀ ਦੇ ਝੰਡੇ ਲਗਾਏ ਗਏ। ਅਰਜੁਨ ਸਿੰਘ ਦੇ ਸਮਰਥਕ ਟੀਐਮਸੀ ਦੇ ਝੰਡੇ ਫੜੇ ਨਜ਼ਰ ਆਏ।
ਪਹਿਲਾਂ ਚਰਚਾ ਸੀ ਕਿ ਅਰਜੁਨ ਸਿੰਘ ਭਾਜਪਾ ਤੋਂ ਅਸੰਤੁਸ਼ਟ ਚੱਲ ਰਹੇ ਹਨ। ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਉਨ੍ਹਾਂ ਨੂੰ ਕਈ ਵਾਰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਅਰਜੁਨ ਸਿੰਘ ਨਹੀਂ ਮੰਨੇ। ਇਸ ਤੋਂ ਪਹਿਲਾਂ ਭਾਜਪਾ ਸੂਤਰਾਂ ਨੇ ਖੁਲਾਸਾ ਕੀਤਾ ਸੀ ਕਿ ਅਰਜੁਨ ਸਿੰਘ ਨੇ ਸ਼ੁਭੇਂਦੂ ਅਧਿਕਾਰੀ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸੁਕਾਂਤ ਮਜੂਮਦਾਰ ਦੇ ਫੋਨ ਨਹੀਂ ਚੁੱਕੇ। ਅਰਜੁਨ ਸਿੰਘ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਿਚ ਸ਼ਾਮਲ ਹੋ ਗਏ ਸਨ ਅਤੇ ਭਾਜਪਾ ਦੀ ਟਿਕਟ 'ਤੇ ਬੈਰਕਪੁਰ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਉਹ ਭਾਟਪਾੜਾ ਤੋਂ ਚਾਰ ਵਾਰ ਵਿਧਾਇਕ ਰਹਿ ਚੁੱਕੇ ਹਨ। ਦੱਸ ਦੇਈਏ ਕਿ ਪਿਛਲੇ 11 ਮਹੀਨਿਆਂ ਵਿੱਚ ਪੱਛਮੀ ਬੰਗਾਲ ਭਾਜਪਾ ਦੇ ਪੰਜ ਵੱਡੇ ਨੇਤਾ ਪਾਰਟੀ ਛੱਡ ਚੁੱਕੇ ਹਨ।
ਇਹ ਵੀ ਪੜ੍ਹੋ :ਗਿਆਨਵਾਪੀ ਮਾਮਲਾ : ਕਾਸ਼ੀ ਵਿਸ਼ਵਨਾਥ ਮੰਦਰ ਦੇ ਮਹੰਤ ਨੇ ਕਿਹਾ- "ਅਦਾਲਤ ਤੋਂ ਮੰਗਾਂਗੇ ਸ਼ਿਵਲਿੰਗ ਦੀ ਪੂਜਾ ਦਾ ਅਧਿਕਾਰ"