ਨਵੀਂ ਦਿੱਲੀ: ਚੀਨ ਨਾਲ ਬੁੱਧਵਾਰ ਨੂੰ 14ਵੇਂ ਦੌਰ ਦੀ ਫੌਜੀ ਵਾਰਤਾ ਦੌਰਾਨ ਭਾਰਤ ਨੇ ਪੂਰਬੀ ਲੱਦਾਖ 'ਚ ਟਕਰਾਅ ਦੇ ਬਾਕੀ ਬਚੇ ਸਥਾਨਾਂ ਤੋਂ ਫੌਜੀਆਂ ਨੂੰ ਜਲਦੀ ਵਾਪਸ ਬੁਲਾਉਣ 'ਤੇ ਜ਼ੋਰ ਦਿੱਤਾ। ਸੁਰੱਖਿਆ ਅਦਾਰੇ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐੱਲਏਸੀ) 'ਤੇ ਚੀਨ ਵਾਲੇ ਪਾਸੇ ਚੁਸ਼ੁਲ-ਮੋਲਡੋ 'ਬਾਰਡਰ ਪੁਆਇੰਟ' 'ਤੇ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਹੋਈ। ਸੂਤਰਾਂ ਨੇ ਦੱਸਿਆ ਕਿ ਗੱਲਬਾਤ ਮੁੱਖ ਤੌਰ 'ਤੇ ਹੌਟ ਸਪ੍ਰਿੰਗਜ਼ ਤੋਂ ਫੌਜਾਂ ਨੂੰ ਵਾਪਸ ਬੁਲਾਉਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ 'ਤੇ ਕੇਂਦਰਿਤ ਸੀ।
ਇਹ ਗੱਲਬਾਤ ਸਵੇਰੇ 9.30 ਵਜੇ ਸ਼ੁਰੂ ਹੋਈ ਅਤੇ ਸ਼ਾਮ ਤੱਕ ਚੱਲੀ। ਗੱਲਬਾਤ ਵਿੱਚ ਭਾਰਤੀ ਵਫ਼ਦ ਦੀ ਅਗਵਾਈ ਲੈਫਟੀਨੈਂਟ ਜਨਰਲ ਅਨਿੰਦਿਆ ਸੇਨਗੁਪਤਾ ਨੇ ਕੀਤੀ, ਜਿਨ੍ਹਾਂ ਨੂੰ ਲੇਹ ਸਥਿਤ 14ਵੀਂ ਕੋਰ ਦਾ ਨਵਾਂ ਕਮਾਂਡਰ ਨਿਯੁਕਤ ਕੀਤਾ ਗਿਆ ਹੈ। ਚੀਨੀ ਪੱਖ ਦੀ ਅਗਵਾਈ ਮੇਜਰ ਜਨਰਲ ਯਾਂਗ ਲਿਨ, ਦੱਖਣੀ ਸ਼ਿਨਜਿਆਂਗ ਮਿਲਟਰੀ ਜ਼ਿਲ੍ਹੇ ਦੇ ਮੁਖੀ ਨੇ ਕੀਤੀ। ਭਾਰਤੀ ਪੱਖ ਨੇ ਡਿਪਸਾਂਗ ਬਲਗੇ ਅਤੇ ਡੇਮਚੋਕ ਦੇ ਮੁੱਦਿਆਂ ਦੇ ਹੱਲ ਸਮੇਤ ਸੰਘਰਸ਼ ਦੇ ਬਾਕੀ ਬਚੇ ਖੇਤਰਾਂ ਵਿੱਚ ਫੌਜਾਂ ਦੀ ਜਲਦੀ ਵਾਪਸੀ 'ਤੇ ਜ਼ੋਰ ਦਿੱਤਾ।