ਚੰਡੀਗੜ੍ਹ: ਟ੍ਰੇਨਾਂ ਦੀ ਆਵਾਜਾਈ ਬੰਦ ਹੋਣ ਕਰਕੇ ਪੰਜਾਬ ਸਾਂਸਦ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਗੇ। ਇਸ ਤੋਂ ਪਹਿਲਾਂ ਕਾਂਗਰਸ ਦੇ ਸੰਸਦ ਮੈਂਬਰ ਆਪਸ 'ਚ ਵਿਚਾਰ ਵਟਾਂਦਰਾਂ ਕਰਨ ਲਈ ਸਾਂਸਦ ਰਵਨੀਤ ਬਿੱਟੂ ਦੇ ਘਰ ਇਕੱਠੇ ਹੋਏ ਹਨ।
ਜਾਣਕਾਰੀ ਮੁਤਾਬਕ ਇਸ ਮੁੱਦੇ 'ਤੇ ਵਿਚਾਰ ਕੀਤਾ ਜਾ ਰਿਹਾ ਹੈ ਕਿ ਫੌਜੀ ਦੀਵਾਲੀ ਦੀ ਛੁੱਟੀ ਲੈ ਕੇ ਪੰਜਾਬ ਵਾਪਸ ਘਰ ਆਉਣਾ ਚਾਹੁੰਦੇ ਹਨ ਪਰ ਰੇਲ ਬੰਦ ਹੋਣ ਕਾਰਨ ਉਹ ਪੰਜਾਬ ਨਹੀਂ ਪਹੁੰਚ ਪਾ ਰਹੇ। ਅਜਿਹੇ 'ਚ ਫੌਜੀਆਂ ਦਾ ਪਰਿਵਾਰ ਚਾਹੁੰਦਾ ਹੈ ਕਿ ਜਲਦ ਟਰੇਨਾਂ ਚੱਲ ਸਕਣ ਤਾਂ ਜੋ ਉਨ੍ਹਾਂ ਦੇ ਫੌਜੀ ਘਰ ਆਪਣੇ ਪਰਿਵਾਰ ਨਾਲ ਦੀਵਾਲੀ ਮਨਾ ਸਕਣ।
ਸੰਸਦ ਮੈਂਬਰਾਂ ਵੱਲੋਂ ਤਿਆਰ ਕੀਤਾ ਗਿਆ ਖਰੜਾ
ਗ੍ਰਹਿ ਮੰਤਰੀ ਦੇ ਨਾਲ ਮੀਟਿੰਗ ਤੋਂ ਪਹਿਲਾਂ ਪਰਣੀਤ ਕੌਰ ਦੀ ਦਿੱਲੀ ਰਿਹਾਇਸ਼ 'ਤੇ 8 ਸੰਸਦ ਮੈਬਰਾਂ ਨੇ ਮੀਟਿੰਗ ਕਰ ਇੱਕ ਖਰੜਾ ਤਿਆਰ ਕੀਤਾ ਹੈ। ਇਸ ਮੀਟਿੰਗ 'ਚ ਮਨੀਸ਼ ਤਿਵਾੜੀ, ਗੁਰਜੀਤ ਔਜਲਾ, ਡਾ. ਅਮਰ ਸਿੰਘ ਪਹੁੰਚੇ। ਇਸ 'ਚ ਉਨ੍ਹਾਂ ਨੇ ਏਜੰਡੇ ਤਿਆਰ ਕੀਤੇ, ਜਿਸ ਨੂੰ ਜੋਰਦਾਰ ਤਰੀਕੇ ਨਾਲ ਗ੍ਰਹਿ ਮੰਤਰੀ ਅੱਗੇ ਪੇਸ਼ ਕੀਤਾ ਜਾਵੇਗਾ।
ਕੇਂਦਰ ਬਨਾਮ ਕਿਸਾਨਾਂ ਦੀ ਲੜਾਈ 'ਚ ਵਿਰੋਧੀ ਮੁੱਲਕ ਮੌਕੇ ਨੂੰ ਦੇਸ਼ ਵਿਰੁੱਧ ਵਰਤ ਸਕਦੇ ਹਨ, ਜਿਸ ਦਾ ਹੱਲ ਸਾਂਝੇ ਤੌਰ 'ਤੇ ਕਰਨ ਦੀ ਲੋੜ ਹੈ। ਦੂਸਰੀ ਇਹ ਗੱਲ ਮਹੱਤਵਪੂਰਨ ਰਹੇਗੀ ਕਿ ਪੁਲਿਸ ਤੇ ਆਰਪੀਐਫ ਵੱਲੋਂ ਰੇਲਵੇ ਸਟੇਸ਼ਨ ਦੀ ਸਾਂਝੀ ਜਾਂਚ ਤੋਂ ਜਾਣੂ ਕਰਵਾਇਆ ਜਾਵੇ।
ਕੇਂਦਰ ਸਰਕਾਰ ਨੂੰ ਲੱਗਦੈ ਕਿ ਸੂਬਾ ਸਰਕਾਰ ਕਿਸਾਨੀ ਸੰਘਰਸ਼ ਨੂੰ ਉਕਸਾ ਰਹੀ ਹੈ, ਇਹ ਭਰਮ ਨੂੰ ਵੀ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਮਾਲ ਗੱਡੀਆਂ ਨਾ ਆਉਣ 'ਤੇ ਪੰਜਾਬ 'ਚ ਆਈ ਕੋਲੇ, ਯੂਰੀਆ ਤੇ ਬਾਰਦਾਨੇ ਦੀ ਕਮੀ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ ਜਾਵੇਗਾ ਤੇ ਸਾਂਝੇ ਤੌਰ 'ਤੇ ਇਸਦੇ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ।