ਸ਼੍ਰੀਨਗਰ: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅੱਜ ਸ਼੍ਰੀਨਗਰ ਵਿਖੇ ਬੀਤੇ ਦਿਨੀ ਦਹਿਸ਼ਤਗਰਦਾਂ ਵੱਲੋਂ ਕੀਤੇ ਗਏ ਹਮਲੇ ਵਿੱਚ ਹਲਾਕ ਹੋਈ ਸਕੂਲ ਪ੍ਰਿੰਸੀਪਲ ਬੀਬੀ ਸੁਪਿੰਦਰ ਕੌਰ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ। ਇਸ ਤੋਂ ਪਹਿਲਾਂ ਬੀਤੇ ਮੰਗਲਵਾਰ ਉਨ੍ਹਾਂ ਬੀਬੀ ਸੁਪਿੰਦਰ ਕੌਰ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ ਸੀ ਅਤੇ ਉਨ੍ਹਾਂ ਨੂੰ ਹਰ ਸੰਭਵ ਮੱਦਦ ਦੇਣ ਦਾ ਵੀ ਭਰੋਸਾ ਦਿੱਤਾ।
ਵ੍ਡੀ ਗਿਣਤੀ ‘ਚ ਸ਼ਰਧਾਂਜਲੀ ਦੇਣ ਪੁੱਜੀਆਂ ਸਖ਼ਸ਼ੀਅਤਾਂ
ਬੀਬੀ ਸੁਪਿੰਦਰ ਕੌਰ ਦੀ ਅੰਤਿਮ ਅਰਦਾਸ (Antim Ardas) ਦੌਰਾਨ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰੇ ਅਤੇ ਹਰੇਕ ਸ਼੍ਰੈਣੀ ਦੇ ਲੋਕ ਇਕੱਤਰ ਹੋਏ। ਇਸ ਮੌਕੇ `ਤੇ ਬੀਬੀ ਸੁਪਿੰਦਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸੁਖਦੇਵ ਸਿੰਘ ਢੀਂਡਸਾ ਨੇ ਨੇਕ ਦਿਲ ਬੀਬੀ ਸੁਪਿੰਦਰ ਕੌਰ ਵੱਲੋਂ ਸਮਾਜ ਦੀ ਬਿਹਤਰੀ ਲਈ ਕੀਤੇ ਗਏ ਕੰਮਾਂ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।
ਸਿੱਖਾਂ ਨੇ ਮੁਸੀਬਤਾਂ ਦਾ ਮੁਹਰੇ ਹੋ ਕੇ ਸਾਹਮਣਾ ਕੀਤਾ
ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੇ ਅਨੁਸਾਰ ਸਿੱਖ ਕੌਮ ਹਮੇਸ਼ਾ ਮਨੁੱਖਤਾ ਦੇ ਭਲੇ ਲਈ ਆਪਣਾ ਸਭ ਕੁੱਝ ਕੁਰਬਾਨ ਕਰਦੀ ਆਈ ਹੈ ਅਤੇ ਇਤਿਹਾਸ ਗ਼ਵਾਹ ਹੈ ਕਿ ਦੁਨੀਆਂ ਵਿੱਚ ਜਿਥੇ ਵੀ ਕੋਈ ਮੁਸੀਬਤ ਆਈ ਸਿੱਖਾਂ ਨੇ ਆਪ ਮੂਹਰੇ ਹੋ ਕੇ ਉਸਦਾ ਸਾਹਮਣਾ ਕੀਤਾ ਪਰ ਅਫਸੋਸ ਸਮਾਜ ਵੱਲੋਂ ਸਿੱਖ ਕੌਮ ਦੀ ਮਨੁੱਖਤਾ ਨੂੰ ਦਿੱਤੀ ਦੇਣ ਨੂੰ ਹਮੇਸ਼ਾ ਨਜਰਅੰਦਾਜ਼ ਹੀ ਕੀਤਾ ਗਿਆ।