ਹੈਦਰਾਬਾਦ :ਦੀਵਾਲੀ (Diwali) ਤੋਂ ਦੋ ਦਿਨ ਪਹਿਲਾਂ ਧਨਤੇਰਸ ਦਾ ਤਿਉਹਾਰ (Dhanteras) ਮਨਾਇਆ ਜਾਂਦਾ ਹੈ। ਇਸ ਦਿਨ ਭਗਵਾਨ ਧਨਵੰਤਰੀ ਦੀ ਵਿਸ਼ੇਸ਼ ਪੂਜਾ (God Dhanwantari) ਕੀਤੀ ਜਾਂਦੀ ਹੈ।
ਧਨਵੰਤਰੀ ਨੂੰ ਆਯੁਰਵੇਦ ਦੇ ਜਨਮਦਾਤਾ ਅਤੇ ਦੇਵਤਿਆਂ ਦਾ ਵੈਦ ਮੰਨਿਆ ਜਾਂਦਾ ਹੈ। ਸ਼ਾਸਤਰਾਂ ਦੇ ਮੁਤਾਬਕ, ਭਗਵਾਨ ਵਿਸ਼ਨੂੰ ਦੇ 24 ਅਵਤਾਰਾਂ ਵਿੱਚੋਂ, 12ਵਾਂ ਅਵਤਾਰ ਭਗਵਾਨ ਧਨਵੰਤਰੀ ਦਾ ਸੀ। ਆਓ ਅੱਜ ਅਸੀਂ ਤੁਹਾਨੂੰ ਭਗਵਾਨ ਧਨਵੰਤਰੀ ਦੇ ਜਨਮ ਬਾਰੇ ਦੱਸਾਂਗੇ ਕਿ ਆਖ਼ਿਰ ਧਨਤੇਰਸ ਦੇ ਦਿਨ ਹੀ ਭਗਵਾਨ ਧਨਵੰਤਰੀ ਦੀ ਪੂਜਾ ਕਿਉਂ ਕੀਤੀ ਜਾਂਦੀ ਹੈ ਤੇ ਇਸ ਦਾ ਕੀ ਮਹੱਤਵ ਹੈ।
ਧਨਤੇਰਸ ਦੇ ਦਿਨ ਕਿਉਂ ਖਰੀਦੀ ਜਾਂਦੀ ਹੈ ਪੀਲੀ ਧਾਤੂ
ਕਿਹਾ ਜਾਂਦਾ ਹੈ ਕਿ ਭਗਵਾਨ ਧਨਵੰਤਰੀ ਦਾ ਜਨਮ ਧਨਤੇਰਸ ਦੇ ਦਿਨ ਹੋਇਆ ਸੀ। ਇਸ ਲਈ ਇਸ ਦਿਨ ਇਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ। ਮਾਨਤਾ ਹੈ ਕਿ ਧਨਵੰਤਰੀ ਦੇ ਜਨਮ ਦੇ ਸਮੇਂ ਉਹ ਅੰਮ੍ਰਿਤ ਨਾਲ ਭਰਿਆ ਹੋਇਆ ਕਲਸ਼ ਲੈ ਕੇ ਪੈਦਾ ਹੋਏ ਸੀ। ਇਸ ਲਈ ਧਨਤੇਰਸ ਦੇ ਦਿਨ ਪੀਲੀ ਧਾਤੂ ਜਾਂ ਪੀਲੇ ਭਾਂਡੇ ਆਦਿ ਖਰੀਦਣ ਦੀ ਪਰੰਪਰਾ ਹੈ।
ਕਿੰਝ ਹੋਇਆ ਭਗਵਾਨ ਧਨਵੰਤਰੀ ਦਾ ਜਨਮ
ਸ਼ਾਸਤਰਾਂ ਦੇ ਮੁਤਾਬਕ, ਭਗਵਾਨ ਧਨਵੰਤਰੀ ਦੀ ਉਤਪਤੀ ਸਮੁੰਦਰ ਦੇ ਮੰਥਨ ਤੋਂ ਹੋਈ ਸੀ। ਉਹ ਅੰਮ੍ਰਿਤ ਦਾ ਕਲਸ਼ ਲੈ ਕੇ ਸਮੁੰਦਰ ਵਿੱਚੋਂ ਬਾਹਰ ਆਏ, ਜਿਸ ਨੂੰ ਲੈ ਕੇ ਦੇਵਤਿਆਂ ਅਤੇ ਰਾਕਸ਼ਸਾਂ ਵਿੱਚ ਲੜਾਈ ਹੋਈ। ਹਾਲਾਂਕਿ, ਇੱਕ ਕਹਾਵਤ ਇਹ ਵੀ ਹੈ ਕਿ ਕਾਸ਼ੀ ਦੇ ਰਾਜਵੰਸ਼ ਵਿੱਚ, ਧਨਵਾ ਨਾਮ ਦੇ ਇੱਕ ਰਾਜੇ ਨੇ ਅਜ ਦੇਵ ਨੂੰ ਉਸ ਦੀ ਪੂਜਾ ਕਰਕੇ ਖੁਸ਼ ਕੀਤਾ ਸੀ। ਉਸ ਨੂੰ ਵਰਦਾਨ ਵਜੋਂ ਧਨਵੰਤਰੀ ਨਾਂ ਦਾ ਪੁੱਤਰ ਮਿਲਿਆ। ਜਿਸ ਦਾ ਜ਼ਿਕਰ ਬ੍ਰਹਮਾ ਪੁਰਾਣ ਅਤੇ ਵਿਸ਼ਨੂੰ ਪੁਰਾਣ ਵਿੱਚ ਮਿਲਦਾ ਹੈ। ਇਸ ਦੇ ਨਾਲ ਹੀ ਇਹ ਵੀ ਮੰਨਿਆ ਜਾਂਦਾ ਹੈ ਕਿ ਸਮੁੰਦਰ ਮੰਥਨ ਤੋਂ ਪੈਦਾ ਹੋਏ ਧਨਵੰਤਰੀ ਦਾ ਦੂਜਾ ਜਨਮ ਸੀ।