ਚੰਡੀਗੜ੍ਹ : ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਖਿਲਾਫ ਵੀਰਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਭਾਰਤੀ ਸਟਾਰ ਪਹਿਲਵਾਨਾਂ ਦਾ ਪ੍ਰਦਰਸ਼ਨ ਜਾਰੀ ਰਿਹਾ। ਪਹਿਲਵਾਨਾਂ ਵੱਲੋਂ ਉਹ ਦੂਜੇ ਦਿਨ ਦੁਪਹਿਰ 12 ਵਜੇ ਤੱਕ ਸ਼ਾਂਤ ਰਹਿ ਕੇ ਪੂਰੇ ਮਾਮਲੇ 'ਤੇ ਰੋਸ ਪ੍ਰਗਟ ਕਰਨਗੇ। ਇਸ ਉਪਰੰਤ ਉਹ ਆਪਣੀ ਗੱਲ ਰੱਖਣਗੇ। ਪਿਛਲੇ ਦਿਨੀਂ ਭਾਰਤ ਦੇ ਸਟਾਰ ਪਹਿਲਵਾਨ ਸਾਕਸ਼ੀ ਮਲਿਕ, ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨੇ WFI ਪ੍ਰਧਾਨ 'ਤੇ ਜਿਨਸੀ ਸ਼ੋਸ਼ਣ ਦੇ ਨਾਲ-ਨਾਲ ਛੇੜਛਾੜ ਦੇ ਗੰਭੀਰ ਦੋਸ਼ ਲਾਏ ਸਨ।
ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਨੂੰ ਅਗਲੇ 72 ਘੰਟਿਆਂ ਵਿੱਚ ਰਿਪੋਰਟ ਸੌਂਪਣ ਲਈ ਕਿਹਾ ਹੈ। ਦੂਜੇ ਪਾਸੇ ਖਿਡਾਰੀਆਂ ਵੱਲੋਂ ਬ੍ਰਿਜ ਭੂਸ਼ਣ ਸਿੰਘ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਸਾਕਸ਼ੀ ਮਲਿਕ, ਵਿਨੇਸ਼ ਫੋਗਾਟ, ਸੰਗੀਤਾ ਫੋਗਾਟ, ਅੰਸ਼ੂ ਮਲਿਕ, ਬਜਰੰਗ ਪੂਨੀਆ, ਸਤਿਆਵਰਤ ਕਾਦਿਆਨ ਸਮੇਤ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਕਈ ਖਿਡਾਰੀ ਡਬਲਯੂਐਫਆਈ ਦੀਆਂ ਮਨਮਾਨੀਆਂ ਨੀਤੀਆਂ ਅਤੇ ਬ੍ਰਿਜਭੂਸ਼ਣ ਸਿੰਘ ਵਿਰੁੱਧ ਧਰਨੇ 'ਤੇ ਬੈਠੇ ਹਨ। ਬਜਰੰਗ ਪੂਨੀਆ ਨੇ ਇਸ ਦੇ ਨਾਲ ਕਿਹਾ ਕਿ ਅਸੀਂ ਆਪਣੀਆਂ ਭੈਣਾਂ ਨਾਲ ਕੁਝ ਵੀ ਗਲਤ ਨਹੀਂ ਹੋਣ ਦੇ ਸਕਦੇ ਅਤੇ ਹੁਣ ਆਵਾਜ਼ ਉਠਾਉਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਖੇਡ ਮੰਤਰਾਲੇ ਨੇ ਸਾਨੂੰ ਬੁਲਾ ਕੇ ਗੱਲਬਾਤ ਲਈ ਬੁਲਾਇਆ ਹੈ।