ਨਵੀਂ ਦਿੱਲੀ : ਦਿੱਲੀ ਦੇ ਕਾਂਝਵਾਲਾ ਹਿੱਟ ਐਂਡ ਰਨ ਮਾਮਲੇ 'ਚ ਸ਼ਨੀਵਾਰ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਇਸ ਮਾਮਲੇ 'ਚ ਸ਼ਨੀਵਾਰ ਨੂੰ ਦਿੱਲੀ ਪੁਲਸ ਵਲੋਂ ਤਿਆਰ ਕੀਤੀ ਗਈ ਚਾਰਜਸ਼ੀਟ ਨੂੰ ਕਾਫੀ ਵੱਡਾ ਮੁੱਦਾ ਮੰਨਿਆ ਜਾ ਰਿਹਾ ਹੈ। ਬਾਹਰੀ ਦਿੱਲੀ ਦੀ ਸੁਲਤਾਨਪੁਰੀ ਪੁਲਿਸ ਨੇ ਇਸ ਮਾਮਲੇ ਵਿੱਚ ਕਰੀਬ 800 ਪੰਨਿਆਂ ਦੀ ਚਾਰਜਸ਼ੀਟ ਤਿਆਰ ਕੀਤੀ ਹੈ। ਇਸ ਚਾਰਜਸ਼ੀਟ ਵਿੱਚ ਕਰੀਬ 120 ਗਵਾਹਾਂ ਦਾ ਹਵਾਲਾ ਦਿੱਤਾ ਗਿਆ ਹੈ। ਜਾਂਚ ਦੌਰਾਨ ਇਕੱਠੇ ਕੀਤੇ ਸਬੂਤਾਂ ਨੂੰ ਵੀ ਚਾਰਜਸ਼ੀਟ ਵਿੱਚ ਵੱਡਾ ਆਧਾਰ ਬਣਾਇਆ ਗਿਆ ਹੈ।
ਚਾਰਜਸ਼ੀਟ ਵਿੱਚ ਸਭ ਤੋਂ ਪਹਿਲਾ ਦੋਸ਼ੀ ਅਮਿਤ ਖੰਨਾ :ਪੁਲਿਸ ਵੱਲੋਂ ਤਿਆਰ ਕੀਤੀ ਗਈ ਇਸ ਚਾਰਜਸ਼ੀਟ ਵਿੱਚ ਅਮਿਤ ਖੰਨਾ ਨੂੰ ਦੋਸ਼ੀ ਨੰਬਰ ਇੱਕ ਬਣਾਇਆ ਗਿਆ ਹੈ, ਜਿਸ ਤੋਂ ਬਾਅਦ ਕ੍ਰਿਸ਼ਨਾ, ਮਿਥੁਨ, ਮਨੋਜ ਮਿੱਤਲ, ਦੀਪਕ ਖੰਨਾ, ਅੰਕੁਸ਼ ਅਤੇ ਆਸ਼ੂਤੋਸ਼ ਦੇ ਨਾਂ ਸ਼ਾਮਲ ਹਨ। ਬਾਹਰੀ ਦਿੱਲੀ ਪੁਲੀਸ ਦੇ ਡਿਪਟੀ ਕਮਿਸ਼ਨਰ ਹਰਿੰਦਰ ਸਿੰਘ ਅਨੁਸਾਰ ਮੁਲਜ਼ਮ ਦੀਪਕ ਖੰਨਾ, ਅਮਿਤ ਖੰਨਾ, ਕ੍ਰਿਸ਼ਨਾ, ਮਨੋਜ ਅਤੇ ਮਿਥੁਨ ਨਿਆਂਇਕ ਹਿਰਾਸਤ ਵਿੱਚ ਹਨ। ਜਦਕਿ ਆਸ਼ੂਤੋਸ਼ ਅਤੇ ਅੰਕੁਸ਼ ਖੰਨਾ ਅਜੇ ਅਦਾਲਤ ਤੋਂ ਜ਼ਮਾਨਤ 'ਤੇ ਹਨ। ਚਾਰਜਸ਼ੀਟ ਅਨੁਸਾਰ ਪੁਲਿਸ ਨੇ ਅਮਿਤ ਖੰਨਾ, ਕ੍ਰਿਸ਼ਨਾ, ਮਿਥੁਨ ਅਤੇ ਮਨੋਜ ਮਿੱਤਲ ਦੇ ਖਿਲਾਫ ਆਈਪੀਸੀ ਦੀ ਧਾਰਾ 201/212/182/34/120ਬੀ ਦੇ ਨਾਲ-ਨਾਲ 302 ਦੇ ਤਹਿਤ ਦੋਸ਼ ਆਇਦ ਕੀਤੇ ਹਨ। ਜਦਕਿ ਹੋਰ ਦੋਸ਼ੀਆਂ 'ਤੇ 201/212/182/34/120ਬੀ ਤਹਿਤ ਚਾਰਜਸ਼ੀਟ ਤਿਆਰ ਕਰ ਲਈ ਗਈ ਹੈ।