ਨਵੀਂ ਦਿੱਲੀ: ਦਿੱਲੀ ਦਾ ਸਪੈਸ਼ਲ ਸੈੱਲ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਗ੍ਰਿਫ਼ਤਾਰ ਸ਼ਾਰਪਸ਼ੂਟਰਾਂ ਤੋਂ ਲਗਾਤਾਰ ਪੁੱਛਗਿੱਛ ਕਰ ਰਿਹਾ ਹੈ। ਪੁਲਿਸ ਉਨ੍ਹਾਂ ਤੋਂ ਕੈਨੇਡਾ 'ਚ ਬੈਠੇ ਗੋਲਡੀ ਬਰਾੜ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਕਤਲੇਆਮ ਦਾ ਮਾਸਟਰਮਾਈਂਡ ਗੋਲਡੀ ਬਰਾੜ ਹੈ, ਜੋ ਕੈਨੇਡਾ ਵਿੱਚ ਬੈਠ ਕੇ ਕਾਰਵਾਈ ਕਰ ਰਿਹਾ ਹੈ। ਪੁਲਿਸ ਸਰਕਾਰ ਦੀ ਮਦਦ ਨਾਲ ਉਸ ਦੀ ਹਵਾਲਗੀ ਕਰਨ ਦੀ ਕੋਸ਼ਿਸ਼ ਕਰੇਗੀ।
ਜਾਣਕਾਰੀ ਮੁਤਾਬਕ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮੂਸੇਵਾਲਾ ਕਤਲ ਕਾਂਡ 'ਚ ਸ਼ਾਮਲ 2 ਸ਼ੂਟਰਾਂ ਸਮੇਤ 3 ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਟੀਮ ਇਨ੍ਹਾਂ ਨੂੰ ਰਿਮਾਂਡ 'ਤੇ ਲੈ ਕੇ ਲੋਧੀ ਕਾਲੋਨੀ ਸਥਿਤ ਦਫ਼ਤਰ 'ਚ ਪੁੱਛਗਿੱਛ ਕਰ ਰਹੀ ਹੈ। ਮੁੱਢਲੀ ਪੁੱਛਗਿੱਛ 'ਚ ਪੁਲਿਸ ਨੂੰ ਪਤਾ ਲੱਗਾ ਹੈ ਕਿ ਪ੍ਰਿਅਵਰਤ ਉਰਫ਼ ਫ਼ੌਜੀ ਗੋਲਡੀ ਬਰਾੜ ਦੇ ਸਿੱਧੇ ਸੰਪਰਕ 'ਚ ਸੀ। ਉਹ ਕਤਲ ਤੋਂ ਪਹਿਲਾਂ ਅਤੇ ਕਤਲ ਤੋਂ ਬਾਅਦ ਵੀ ਗੋਲਡੀ ਬਰਾੜ ਨਾਲ ਗੱਲ ਕਰ ਰਿਹਾ ਸੀ, ਉਹ ਸਿਗਨਲ ਐਪ 'ਤੇ ਗੋਲਡੀ ਬਰਾੜ ਨਾਲ ਗੱਲ ਕਰਦਾ ਸੀ ਤਾਂ ਜੋ ਜਾਂਚ ਏਜੰਸੀਆਂ ਨੂੰ ਇਸ ਗੱਲਬਾਤ ਦਾ ਅੰਦਾਜ਼ਾ ਵੀ ਨਾ ਲੱਗ ਸਕੇ।
ਗੋਲਡੀ ਬਰਾੜ ਵੱਲੋ ਉਸ ਨੂੰ ਕਤਲ ਲਈ ਹਥਿਆਰ ਅਤੇ ਆਰਥਿਕ ਮਦਦ ਵੀ ਮੁਹੱਈਆ ਕਰਵਾਈ ਗਈ ਸੀ। ਪ੍ਰਿਆਵਰਤ ਹਮਲਾਵਰਾਂ ਦੇ ਇਸ ਮਾਡਿਊਲ ਦੀ ਅਗਵਾਈ ਕਰ ਰਿਹਾ ਸੀ। ਇਸ ਨੂੰ ਧਿਆਨ ਵਿੱਚ ਰੱਖਦਿਆਂ ਪੁਲਿਸ ਹੁਣ ਗੋਲਡੀ ਬਰਾੜ ਬਾਰੇ ਸੁਰਾਗ ਜੁਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਉਹ ਕੈਨੇਡਾ ਵਿੱਚ ਲੁਕਿਆ ਹੋਇਆ ਹੈ। ਪਰ ਉਹ ਕੈਨੇਡਾ 'ਚ ਕਿੱਥੇ ਰਹਿੰਦਾ ਹੈ ਅਤੇ ਕਿਸ ਦੇ ਸੰਪਰਕ 'ਚ ਹੈ, ਇਸ ਬਾਰੇ ਪੁੱਛਗਿੱਛ ਜਾਰੀ ਹੈ।