ਨਵੀਂ ਦਿੱਲੀ :ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਟੀਮ ਨੇ ਇੱਕ ਸ਼ਾਰਪ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਲਾਰੈਂਸ ਬਿਸ਼ਨੋਈ-ਕਾਲਾ ਰਾਣਾ ਗੈਂਗ ਦਾ ਦੱਸਿਆ ਜਾਂਦਾ ਹੈ। ਉਸ ਨੂੰ ਦਿੱਲੀ ਦੇ ਰੋਹਿਣੀ ਇਲਾਕੇ ਵਿੱਚ ਜਾਲ ਵਿਛਾ ਕੇ ਫੜਿਆ ਗਿਆ, ਜਿਸ ਦੀ ਪਛਾਣ ਪ੍ਰਦੀਪ ਸਿੰਘ ਵਜੋਂ ਹੋਈ ਹੈ। ਉਸ ਕੋਲੋਂ ਇੱਕ ਪਿਸਤੌਲ ਅਤੇ ਜਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸਪੈਸ਼ਲ ਸੈੱਲ ਦੇ ਅਧਿਕਾਰੀਆਂ ਤੋਂ ਇਸ ਸ਼ੂਟਰ ਬਾਰੇ ਸੂਚਨਾ ਮਿਲੀ ਸੀ, ਜਿਸ ਦੇ ਆਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ।
ਗੁਪਤ ਸੂਚਨਾ ਦੇ ਅਧਾਰ 'ਤੇ ਕੀਤੀ ਕਾਰਵਾਈ :ਤਕਨੀਕੀ ਨਿਗਰਾਨੀ ਅਤੇ ਮੁਖਬਰ ਤੋਂ ਸੂਚਨਾ ਮਿਲੀ ਸੀ ਕਿ ਪ੍ਰਦੀਪ ਰੋਹਿਣੀ ਇਲਾਕੇ 'ਚ ਕਿਸੇ ਨੂੰ ਮਿਲਣ ਜਾ ਰਿਹਾ ਹੈ। ਇਸ ਸੂਚਨਾ ਦੀ ਪੁਸ਼ਟੀ ਹੋਣ ਤੋਂ ਬਾਅਦ ਸਪੈਸ਼ਲ ਸੈੱਲ ਦੀ ਟੀਮ ਨੇ ਜਾਲ ਵਿਛਾ ਕੇ ਸ਼ੂਟਰ ਨੂੰ ਘੇਰ ਲਿਆ ਅਤੇ ਕਾਬੂ ਕਰ ਲਿਆ। ਇਸ ਤੋਂ ਬਾਅਦ ਜਦੋਂ ਮੁਲਜ਼ਮ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਹਥਿਆਰ ਅਤੇ ਕਾਰਤੂਸ ਬਰਾਮਦ ਹੋਏ। ਫਿਲਹਾਲ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਕਿਸ ਨੂੰ ਮਿਲਣ ਆਇਆ ਸੀ ਗੈਂਗਸਟਰ:ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਹੀ ਪਤਾ ਚੱਲ ਸਕੇਗਾ ਕਿ ਉਸ ਖ਼ਿਲਾਫ਼ ਪਹਿਲਾਂ ਵੀ ਕਿੰਨੇ ਕੇਸ ਦਰਜ ਹਨ ਅਤੇ ਉਹ ਕਿਸ ਨੂੰ ਮਿਲਣ ਆਇਆ ਸੀ। ਇਸ ਗੱਲ ਦਾ ਵੀ ਖੁਲਾਸਾ ਹੋਣ ਦੀ ਉਮੀਦ ਹੈ ਕਿ ਉਸ ਨੂੰ ਇਹ ਹਥਿਆਰ ਕਿਸ ਨੇ ਮੁਹੱਈਆ ਕਰਵਾਏ ਸਨ। ਜ਼ਿਕਰਯੋਗ ਹੈ ਕਿ ਸਪੈਸ਼ਲ ਸੈੱਲ ਦੀ ਟੀਮ ਨੇ ਪਿਛਲੇ ਸਾਲ ਵੀ ਅਜਿਹੇ ਕਈ ਗੈਂਗਸਟਰਾਂ ਅਤੇ ਉਨ੍ਹਾਂ ਦੇ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਸੀ। ਲਾਰੈਂਸ ਵਿਸ਼ਨੋਈ ਗੈਂਗ ਦੇ ਇਸ ਸ਼ੂਟਰ ਦੀ ਗ੍ਰਿਫਤਾਰੀ ਨੂੰ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ।
ਪਹਿਲਾਂ ਵੀ ਫੜ੍ਹੇ ਸ਼ੂਟਰ :ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਦਿੱਲੀ ਦੀ ਸਪੈਸ਼ਲ ਸੈੱਲ ਵੱਲੋਂ ਗੈਂਗਸਟਰਾਂ ਖਿਲਾਫ ਕਾਰਵਾਈ ਕਰਦਿਆਂ ਲਾਰੈਂਸ ਗੈਂਗ ਦੇ ਦੋ ਸ਼ੂਟਰਾਂ ਨਾਲ ਮੁਕਾਬਲਾ ਕੀਤਾ ਸੀ। ਇਹ ਵਾਰਦਾਤ ਰਾਜਧਾਨੀ ਦਿੱਲੀ ਦੇ ਵਸੰਤ ਕੁੰਜ ਨੇੜੇ ਵਾਪਰੀ ਸੀ। ਇਸ ਦੌਰਾਨ ਦੋਵਾਂ ਪਾਸਿਆਂ ਤੋਂ ਭਾਰੀ ਗੋਲੀਬਾਰੀ ਹੋਈ। ਮੁੱਠਭੇੜ ਵਿੱਚ ਲਾਰੈਂਸ ਗੈਂਗ ਦੇ ਦੋ ਸ਼ੂਟਰ ਫੜੇ ਗਏ ਹਨ ਅਤੇ ਉਨ੍ਹਾਂ ਵਿੱਚੋਂ ਇੱਕ ਨਾਬਾਲਗ ਬਦਮਾਸ਼ ਦੱਸਿਆ ਗਿਆ ਜਿਸ ਨੂੰ ਨਾਬਾਲਗਾਂ ਲਈ ਬਣਾਈ ਜੇਲ੍ਹ ਚ ਰੱਖ ਕੇ ਪੜਤਾਲ ਕੀਤੀ ਜਾ ਰਹੀ ਹੈ। ਇਨ੍ਹਾਂ ਸ਼ੂਟਰਾਂ ਖ਼ਿਲਾਫ਼ ਕਈ ਪੁਰਾਣੇ ਕੇਸ ਵੀ ਦਰਜ ਹਨ। ਹੁਣ ਦੇਖਣਾ ਹੋਵੇਗਾ ਕਿ ਇਸ ਬਦਮਾਸ਼ ਤੋਂ ਕੀ ਖ਼ੁਲਾਸੇ ਹੁੰਦੇ ਹਨ।