ਨਵੀਂ ਦਿੱਲੀ:ਦਿੱਲੀ ਪੁਲਿਸ ਨੇ ਰੈਸਲਿੰਗ ਫੈਡਰੇਸ਼ਨ ਆਫ਼ ਇੰਡੀਆ (ਡਬਲਯੂਐੱਫਆਈ) ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਲੱਗੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਦੀ ਜਾਂਚ ਲਈ ਖੇਡ ਮੰਤਰਾਲੇ ਵੱਲੋਂ ਗਠਿਤ ਜਾਂਚ ਕਮੇਟੀ ਤੋਂ ਰਿਪੋਰਟ ਮੰਗੀ ਹੈ। ਦਿੱਲੀ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਤੱਕ ਡਬਲਯੂਐਫਆਈ ਦੇ ਪ੍ਰਧਾਨ ਖ਼ਿਲਾਫ਼ ਸੱਤ ਸ਼ਿਕਾਇਤਾਂ ਮਿਲੀਆਂ ਹਨ ਅਤੇ ਇਨ੍ਹਾਂ ਸਾਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਠੋਸ ਸਬੂਤ ਮਿਲਣ ਤੋਂ ਬਾਅਦ ਹੀ ਐੱਫਆਈਆਰ ਦਰਜ ਕੀਤੀ ਜਾਵੇਗੀ।
ਨਿਗਰਾਨ ਕਮੇਟੀ ਦੇ ਨਤੀਜਿਆਂ ਨੂੰ ਜਨਤਕ ਕਰਨ ਦੀ ਮੰਗ: ਦੱਸ ਦਈਏ ਕਿ ਦੇਸ਼ ਦੇ ਕਈ ਨਾਮੀ ਪਹਿਲਵਾਨ, ਰਾਸ਼ਟਰੀ ਪੁਰਸਕਾਰ ਜੇਤੂ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਦੀ ਜਾਂਚ ਕਰ ਰਹੀ ਨਿਗਰਾਨ ਕਮੇਟੀ ਦੇ ਨਤੀਜਿਆਂ ਨੂੰ ਜਨਤਕ ਕਰਨ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੇ ਹਨ। ਵਿਰੋਧ 'ਚ ਵਿਨੇਸ਼ ਫੋਗਟ,ਸੰਗੀਤਾ ਫੋਗਟ, ਬਜਰੰਗ ਪੂਨੀਆ, ਅਤੇ ਸਾਕਸ਼ੀ ਮਲਿਕ ਅਜੇ ਵੀ ਜੰਤਰ-ਮੰਤਰ 'ਤੇ ਬੈਠੇ ਹਨ।
ਪਹਿਲਵਾਨ ਵਿਨੇਸ਼ ਫੋਗਾਟ ਨੇ ਭਾਵੁਕ ਟਵੀਟ ਕੀਤਾ: ਇਸ ਦੌਰਾਨ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਇੱਕ ਭਾਵੁਕ ਟਵੀਟ ਕੀਤਾ ਹੈ। ਉਸ ਨੇ ਲਿਖਿਆ ਹੈ, ਮੰਚ ਤੋਂ ਫੁੱਟਪਾਥ ਤੱਕ। ਅੱਧੀ ਰਾਤ ਨੂੰ ਖੁੱਲ੍ਹੇ ਅਸਮਾਨ ਹੇਠ ਇਨਸਾਫ਼ ਦੀ ਉਮੀਦ 'ਚ। ਇਸ ਤੋਂ ਪਹਿਲਾਂ ਵਿਨੇਸ਼ ਫੋਗਾਟ ਨੇ ਦਿੱਲੀ ਪੁਲਿਸ 'ਤੇ ਗੰਭੀਰ ਇਲਜ਼ਾਮ ਲਗਾਏ ਸਨ। ਉਸ ਨੇ ਇਲਜ਼ਾਮ ਲਾਇਆ ਕਿ ਦਿੱਲੀ ਪੁਲਿਸ ਖਾਣਾ ਤੇ ਪਾਣੀ ਅੰਦਰ ਨਹੀਂ ਲਿਆਉਣ ਦੇ ਰਹੀ। ਬਾਹਰ ਖੜ੍ਹੇ ਪਹਿਲਵਾਨਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਦੀ ਤਬੀਅਤ ਖਰਾਬ ਸੀ, ਜਦੋਂ ਉਹ ਦਵਾਈ ਲੈਣ ਲਈ ਬਾਹਰ ਗਈ ਅਤੇ ਵਾਪਸ ਆਈ ਤਾਂ ਉਸ ਨੂੰ ਅੰਦਰ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ।