ਹਿਸਾਰ:ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ (sidhu moose wala murder case) ਵਿੱਚ ਦਿੱਲੀ ਪੁਲਿਸ ਨੇ ਹਿਸਾਰ ਦੇ ਪਿੰਡ ਕਿਰਮਰਾ ਵਿੱਚ ਛਾਪਾ ਮਾਰਿਆ। ਦਿੱਲੀ ਪੁਲਿਸ ਦੀ ਵਿਸ਼ੇਸ਼ ਟੀਮ ਨੇ ਸਵੇਰੇ ਕਰੀਬ 5 ਵਜੇ ਪਿੰਡ ਕਿਰਮਰਾ ਨੇੜੇ ਖੇਤਾਂ ਵਿੱਚ ਬਣੇ ਘਰ ’ਤੇ ਛਾਪਾ ਮਾਰਿਆ ਅਤੇ ਉੱਥੋਂ ਪਿੰਡ ਦੇ ਦੋ ਨੌਜਵਾਨਾਂ ਮਨੀਸ਼ ਅਤੇ ਨਵਦੀਪ ਨੂੰ ਗ੍ਰਿਫ਼ਤਾਰ ਕੀਤਾ। ਦਿੱਲੀ ਪੁਲਿਸ ਨੇ ਦੋਵਾਂ ਨੌਜਵਾਨਾਂ ਕੋਲੋਂ ਇੱਕ ਅਸਾਲਟ ਰਾਈਫਲ, 9 ਡੈਟੋਨੇਟਰ, 9 ਹੈਂਡ ਗਰਨੇਡ ਅਤੇ ਤਿੰਨ ਪਿਸਤੌਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਹਾਲਾਂਕਿ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਹਥਿਆਰ ਹੋਣ ਤੋਂ ਸਾਫ਼ ਇਨਕਾਰ ਕੀਤਾ ਹੈ। ਦੱਸਿਆ ਗਿਆ ਹੈ ਕਿ ਹਿਸਾਰ ਪੁਲਿਸ ਕੋਲ ਇਨ੍ਹਾਂ ਦੋਵਾਂ ਨੌਜਵਾਨਾਂ ਦਾ ਕੋਈ ਅਪਰਾਧਿਕ ਪਿਛੋਕੜ ਦਰਜ ਨਹੀਂ ਹੈ। ਹਾਲਾਂਕਿ ਇਨ੍ਹਾਂ ਨੌਜਵਾਨਾਂ 'ਚੋਂ ਇਕ ਨੇ ਆਪਣੇ ਫੇਸਬੁੱਕ ਪ੍ਰੋਫਾਈਲ 'ਤੇ ਦੋ ਪਿਸਤੌਲਾਂ ਅਤੇ ਹੋਰ ਹਥਿਆਰਾਂ ਨਾਲ ਫੋਟੋ ਪੋਸਟ ਕੀਤੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਵੇਰੇ ਹੀ ਪੁਲਿਸ ਦੀਆਂ ਕਈ ਗੱਡੀਆਂ ਆਈਆਂ ਸਨ ਅਤੇ ਨੌਜਵਾਨਾਂ ਨੂੰ ਆਪਣੇ ਨਾਲ ਲੈ ਗਈਆਂ ਸਨ। ਅਗਰੋਹਾ ਥਾਣਾ ਇੰਚਾਰਜ ਐੱਮਐੱਸ ਪ੍ਰਬੀਨਾ ਨੇ ਦੱਸਿਆ ਕਿ ਦਿੱਲੀ ਪੁਲਿਸ ਨੇ ਸਥਾਨਕ ਪੁਲਿਸ ਦੀ ਕੋਈ ਮਦਦ ਨਹੀਂ ਲਈ।
ਦਿੱਲੀ ਪੁਲਿਸ ਨੇ ਦੋ ਨੌਜਵਾਨਾਂ ਨਵਦੀਪ ਅਤੇ ਮਨੀਸ਼ ਨੂੰ ਚੁੱਕਿਆ ਹੈ। ਇਸ ਛਾਪੇਮਾਰੀ 'ਚ ਸਥਾਨਕ ਪੁਲਿਸ ਸ਼ਾਮਲ ਨਹੀਂ ਸੀ, ਇਸ ਲਈ ਦਿੱਲੀ ਪੁਲਿਸ ਨੂੰ ਕੀ ਮਿਲਿਆ ਹੈ, ਇਹ ਕਹਿਣਾ ਮੁਸ਼ਕਿਲ ਹੈ। ਇਸ ਦੇ ਨਾਲ ਹੀ ਦਿੱਲੀ ਪੁਲਿਸ ਨੇ ਪ੍ਰੈੱਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਹੈ ਕਿ ਹਿਸਾਰ ਦੇ ਕਿਰਮਰਾ ਪਿੰਡ 'ਚ ਹਥਿਆਰ ਬੈਕਅੱਪ ਲਈ ਰੱਖੇ ਗਏ ਸਨ, ਤਾਂ ਜੋ ਲੋੜ ਪੈਣ 'ਤੇ ਇੱਥੋਂ ਹਥਿਆਰ ਲਏ ਜਾ ਸਕਣ। ਦੋਸ਼ੀ ਪ੍ਰਿਅਵਰਤ ਦੀ ਸਲਾਹ 'ਤੇ ਦਿੱਲੀ ਪੁਲਸ ਨੇ ਹਿਸਾਰ 'ਚ ਛਾਪਾ ਮਾਰ ਕੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਭਾਰੀ ਮਾਤਰਾ 'ਚ ਹਥਿਆਰ ਬਰਾਮਦ ਕੀਤੇ ਹਨ।