ਨਵੀਂ ਦਿੱਲੀ: ਭਾਰਤ ਜੋੜੋ ਯਾਤਰਾ ਦੌਰਾਨ ਦਿੱਤੇ ਬਿਆਨ ਨੂੰ ਲੈ ਕੇ ਦਿੱਲੀ ਪੁਲਿਸ ਨੇ ਵੀਰਵਾਰ ਨੂੰ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਨੋਟਿਸ ਜਾਰੀ ਕੀਤਾ ਹੈ। ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਦੌਰਾਨ ਕਿਹਾ ਸੀ ਕਿ ਔਰਤਾਂ ਅਜੇ ਵੀ ਜਿਨਸੀ ਸ਼ੋਸ਼ਣ ਦਾ ਸਾਹਮਣਾ ਕਰ ਰਹੀਆਂ ਹਨ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਰਾਹੁਲ ਗਾਂਧੀ ਨੂੰ ਉਨ੍ਹਾਂ ਪੀੜਤ ਔਰਤਾਂ ਬਾਰੇ ਵੇਰਵੇ ਦੇਣ ਲਈ ਕਿਹਾ ਗਿਆ ਹੈ ਤਾਂ ਜੋ ਕਾਰਵਾਈ ਕੀਤੀ ਜਾ ਸਕੇ ਅਤੇ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾ ਸਕੇ।
ਪੋਸਟਾਂ ਦੇ ਮੱਦੇਨਜ਼ਰ ਪੁਲਿਸ ਨੇ ਇਹ ਕਦਮ ਚੁੱਕਿਆ: ਅਧਿਕਾਰੀਆਂ ਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਹੋ ਰਹੀਆਂ ਪੋਸਟਾਂ ਦੇ ਮੱਦੇਨਜ਼ਰ ਪੁਲਿਸ ਨੇ ਇਹ ਕਦਮ ਚੁੱਕਿਆ ਹੈ। ਪੁਲਿਸ ਨੇ ਰਾਹੁਲ ਨੂੰ ਇੱਕ ਪ੍ਰਸ਼ਨਾਵਲੀ ਵੀ ਭੇਜੀ ਹੈ ਅਤੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਔਰਤਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਮੰਗੀ ਹੈ। ਪੁਲਿਸ ਮੁਤਾਬਕ ਰਾਹੁਲ ਗਾਂਧੀ ਨੇ ਇਹ ਕਥਿਤ ਬਿਆਨ ਸ਼੍ਰੀਨਗਰ 'ਚ ਭਾਰਤ ਜੋੜੋ ਯਾਤਰਾ ਦੌਰਾਨ ਦਿੱਤਾ ਹੈ। ਇਸ ਵਿੱਚ ਉਸਨੇ ਕਿਹਾ ਕਿ ਮੈਂ ਸੁਣਿਆ ਹੈ ਕਿ ਔਰਤਾਂ ਨੂੰ ਅਜੇ ਵੀ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।
ਭਾਜਪਾ ਨੇ ਕੀਤੀ ਮੁਆਫ਼ੀ ਦੀ ਮੰਗ:ਦੱਸ ਦਈਏ ਕਿ ਰਾਹੁਲ ਗਾਂਧੀ ਹਾਲ ਹੀ 'ਚ ਬ੍ਰਿਟੇਨ ਤੋਂ ਪਰਤੇ ਹਨ, ਜਿੱਥੇ ਉਨ੍ਹਾਂ ਨੇ ਕੈਂਬ੍ਰਿਜ ਯੂਨੀਵਰਸਿਟੀ 'ਚ ਲੈਕਚਰ ਦਿੱਤਾ ਸੀ। ਉਨ੍ਹਾਂ ਦੇ ਇੱਕ ਬਿਆਨ ਨੂੰ ਲੈ ਕੇ ਇਨ੍ਹੀਂ ਦਿਨੀਂ ਹੰਗਾਮਾ ਮਚਿਆ ਹੋਇਆ ਹੈ। ਭਾਜਪਾ ਉਨ੍ਹਾਂ ਦੇ ਬਿਆਨ 'ਤੇ ਮੁਆਫ਼ੀ ਦੀ ਮੰਗ ਕਰ ਰਹੀ ਹੈ। ਇਸ ਦੇ ਨਾਲ ਹੀ ਕਾਂਗਰਸ ਨੇ ਮੁਆਫੀ ਨਾ ਮੰਗਣ ਦੀ ਗੱਲ ਕਹੀ ਹੈ। ਇਸ ਕਾਰਨ ਇਨ੍ਹੀਂ ਦਿਨੀਂ ਸੰਸਦ ਦੀ ਕਾਰਵਾਈ ਵੀ ਪ੍ਰਭਾਵਿਤ ਹੋ ਰਹੀ ਹੈ। ਦੂਜੇ ਪਾਸੇ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਉਹ ਆਪਣਾ ਜਵਾਬ ਸੰਸਦ 'ਚ ਦੇਣਾ ਚਾਹੁੰਦੇ ਹਨ। ਉਸ ਨੂੰ ਯਕੀਨ ਹੈ ਕਿ ਉਸ ਨੂੰ ਉੱਥੇ ਵੀ ਬੋਲਣ ਨਹੀਂ ਦਿੱਤਾ ਜਾਵੇਗਾ। ਇਸ 'ਤੇ ਭਾਜਪਾ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਰਾਹੁਲ ਨੂੰ ਗੱਲਾਂ ਨੂੰ ਤੋੜ ਮਰੋੜਣ ਦੀ ਬਜਾਏ ਆਪਣੇ ਬਿਆਨ ਲਈ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਦੱਸ ਦਈਏ ਇਸ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਕਈ ਵਾਰ ਲੋਕਤੰਤਰਿਕ ਢਾਂਚੇ ਉੱਤੇ ਸਵਾਲ ਖੜ੍ਹੇ ਕਰ ਚੁੱਕੇ ਨੇ ਅਤੇ ਉਨ੍ਹਾਂ ਕਈ ਬਿਆਨਾਂ ਵਿੱਚ ਕਿਹਾ ਕਿ ਭਾਰਤ ਦਾ ਮਹਾਨ ਅਤੇ ਸਭ ਤੋਂ ਵਿਸ਼ਾਲ ਕਿਹਾ ਜਾਣ ਵਾਲਾ ਲੋਕਤੰਤਰ ਅੱਜ ਭਾਜਪਾ ਦੇ ਰਾਜ ਅੰਦਰ ਕਿਤੇ ਨਜ਼ਰ ਨਹੀਂ ਆਉਂਦਾ। ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਜੋ ਵੀ ਭਾਜਪਾ ਦਾ ਵਿਰੋਈ ਹੈ ਉਸ ਨੂੰ ਕਿਸੇ ਵੀ ਮੰਚ ਉੱਤੇ ਬੋਲਣ ਨਹੀਂ ਦਿੱਤਾ ਜਾਂਦਾ ਫਿਰ ਭਾਵੇਂ ਉਹ ਆਮ ਸੜਕਾਂ ਹੋਣ ਜਾਂ ਫਿਰ ਸੰਸਦ।
ਇਹ ਵੀ ਪੜ੍ਹੋ:Delhi Excise Policy: ਰਿਮਾਂਡ ਖਤਮ ਹੋਣ ਤੋਂ ਬਾਅਦ ਮਨੀਸ਼ ਸਿਸੋਦੀਆ ਦੀ ਅਦਾਲਤ 'ਚ ਪੇਸ਼ੀ