ਨਵੀਂ ਦਿੱਲੀ: ਪੰਜਾਬ 'ਚ ਦਿੱਲੀ ਪੁਲਿਸ ਵੱਲੋਂ ਗੁਰਦੀਪ ਸਿੰਘ ਉਰਫ ਮੁੰਡੀ ਦੀ ਗ੍ਰਿਫ਼ਤਾਰੀ ਦੀ ਖ਼ਬਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇਲਜ਼ਾਮ ਲਗਾਏ ਜਾ ਰਹੇ ਹਨ ਕਿ ਪੁਲਿਸ ਨੇ ਉਸ ਦੀ ਕੁੱਟਮਾਰ ਕੀਤੀ। ਇਸ ਬਾਰੇ ਦਿੱਲੀ ਪੁਲਿਸ ਦੀ ਤਰਫੋਂ ਇਕ ਬਿਆਨ ਜਾਰੀ ਕੀਤਾ ਗਿਆ ਹੈ ਕਿ ਉਹਨਾਂ ਨੇ ਸਿਰਫ਼ ਗੁਰਦੀਪ ਸਿੰਘ ਤੋਂ ਪੁੱਛਗਿੱਛ ਕੀਤੀ ਸੀ। ਉਸਨੂੰ ਨਾ ਤਾਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਨਾ ਹੀ ਹਿਰਾਸਤ 'ਚ ਲਿਆ ਗਿਆ ਹੈ। ਉਸ ਤੋਂ ਭਗੌੜਾ ਚੱਲ ਰਹੇ ਲੱਖਾ ਸਿਧਾਣਾ ਬਾਰੇ ਪੁੱਛਗਿੱਛ ਕੀਤੀ ਗਈ, ਜੋ ਲਾਲ ਕਿਲ੍ਹਾ ਹਿੰਸਾ ਮਾਮਲੇ 'ਚ ਲੋੜੀਂਦਾ ਹੈ।
ਦਿੱਲੀ ਪੁਲਿਸ ਨੇ ਗੁਰਦੀਪ ਮੁੰਡੀ ਵਲੋਂ ਲਗਾਏ ਜਾ ਰਹੇ ਦੋਸ਼ਾਂ ਨੂੰ ਨਕਾਰਿਆ ਦਿੱਲੀ ਪੁਲਿਸ ਵਲੋਂ ਇਹ ਕਿਹਾ ਗਿਆ ਹੈ ਕਿ 26 ਜਨਵਰੀ ਨੂੰ ਲਾਲ ਕਿਲ੍ਹੇ ਸਮੇਤ ਕਈ ਥਾਵਾਂ ਤੇ ਕਿਸਾਨ ਟਰੈਕਟਰ ਰੈਲੀ ਲਈ ਆਏ ਲੋਕਾਂ ਦੁਆਰਾ ਹਿੰਸਾ ਕੀਤੀ ਗਈ ਸੀ। ਇਸ 'ਚ 500 ਤੋਂ ਵੱਧ ਪੁਲਿਸ ਵਾਲੇ ਜ਼ਖਮੀ ਹੋ ਗਏ। ਇਨ੍ਹਾਂ ਘਟਨਾਵਾਂ ਨੂੰ ਲੈਕੇ ਦਿੱਲੀ ਪੁਲਿਸ ਵੱਲੋਂ 50 ਤੋਂ ਵੱਧ ਐਫ.ਆਈ.ਆਰ ਦਰਜ ਕੀਤੀਆਂ ਗਈਆਂ ਸਨ। ਵੱਡੀ ਗਿਣਤੀ 'ਚ ਸ਼ੱਕੀ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਅਤੇ ਹੁਣ ਤੱਕ ਲਗਭਗ 160 ਲੋਕਾਂ ਨੂੰ ਦਿੱਲੀ ਅਤੇ ਨਾਲ ਲੱਗਦੇ ਸੂਬਿਆਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ 'ਚ ਦਿੱਲੀ ਪੁਲਿਸ ਲੱਖਾ ਸਿਧਾਣਾ ਦੀ ਭਾਲ ਕਰ ਰਹੀ ਹੈ, ਜੋ ਗ੍ਰਿਫ਼ਤਾਰੀ ਤੋਂ ਬਚਣ ਲਈ ਫਰਾਰ ਹੈ।
ਲੱਖਾ ਸਿਧਾਣਾ ਦੀ ਭਾਲ 'ਚ ਗਏ ਸੀ ਪੁਲਿਸ ਮੁਲਾਜ਼ਮ
ਲੱਖਾ ਸਿਧਾਣਾ ਦੀ ਭਾਲ 'ਚ ਦਿੱਲੀ ਪੁਲਿਸ ਦੀ ਵਿਸ਼ੇਸ਼ ਸੈੱਲ 8 ਅਪ੍ਰੈਲ ਨੂੰ ਪਟਿਆਲਾ ਪਹੁੰਚੀ ਸੀ। ਉਸਦੇ ਖ਼ਿਲਾਫ਼ ਇੱਕ ਵਿਸ਼ੇਸ਼ ਸੈੱਲ 'ਚ ਕੇਸ ਦਰਜ ਕੀਤਾ ਗਿਆ ਹੈ, ਜਿਸ 'ਚ ਉਸਦੀ ਭਾਲ ਚੱਲ ਰਹੀ ਸੀ। ਉਥੇ ਪੁਲਿਸ ਨੂੰ ਲੱਖਾ ਸਿਧਾਣਾ ਦਾ ਰਿਸ਼ਤੇਦਾਰ ਗੁਰਦੀਪ ਸਿੰਘ ਉਰਫ ਮੁੰਡੀ ਮਿਲਿਆ। ਉਸ ਤੋਂ ਲੱਖਾ ਸਿਧਾਣਾ ਦੀ ਮੌਜੂਦਗੀ ਬਾਰੇ ਪੁਲਿਸ ਟੀਮ ਨੇ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਉਸਨੂੰ ਪੁਲਿਸ ਵਲੋਂ ਛੱਡ ਦਿੱਤਾ ਗਿਆ। ਇਸ ਸਮੇਂ ਦੌਰਾਨ ਪੁਲਿਸ ਨੇ ਉਸ ਨੂੰ ਕਿਹਾ ਕਿ ਜੇ ਲੋੜ ਪਈ ਤਾਂ ਉਸਨੂੰ ਪੁੱਛਗਿੱਛ ਲਈ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਕੋਲ ਆਉਣਾ ਪਏਗਾ। ਇਸ ਕੇਸ ਦੀ ਪੂਰੀ ਜਾਂਚ ਕਾਨੂੰਨ ਦੇ ਦਾਇਰੇ ਵਿੱਚ ਹੋ ਰਹੀ ਹੈ।
ਇੱਕ ਵੀ ਆਰੋਪੀ ਨੇ ਨਹੀਂ ਲਗਾਇਆ ਗਲਤ ਵਿਵਹਾਰ ਦਾ ਆਰੋਪ
ਦਿੱਲੀ ਪੁਲਿਸ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਤੱਕ ਉਹਨਾਂ ਦੁਆਰਾ ਗ੍ਰਿਫਤਾਰ ਕੀਤੇ 160 ਆਰੋਪੀਆਂ ਵਿੱਚੋਂ ਕਿਸੇ ਨੇ ਵੀ ਉਨ੍ਹਾਂ ਨਾਲ ਬਦਸਲੂਕੀ ਜਾਂ ਮਾਰਕੁੱਟ ਦਾ ਦੋਸ਼ ਨਹੀਂ ਲਗਾਇਆ ਹੈ। ਇਸ ਕੇਸ 'ਚ ਗੁਰਦੀਪ ਸਿੰਘ ਨੂੰ ਗੈਰ ਕਾਨੂੰਨੀ ਢੰਗ ਨਾਲ ਅਗਵਾ ਕਰਨ ਅਤੇ ਉਸ 'ਤੇ ਹਮਲਾ ਕਰਨ ਦੇ ਦੋਸ਼ ਪੂਰੀ ਤਰ੍ਹਾਂ ਗਲਤ ਅਤੇ ਬੇਬੁਨਿਆਦ ਹੈ। ਇਹ ਇਲਜ਼ਾਮ ਸਿਰਫ਼ ਪੁਲਿਸ ਟੀਮ 'ਤੇ ਦਬਾਅ ਪਾਉਣ ਲਈ ਲਗਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ:ਕੋਟਕਪੂਰਾ ਕੇਸ ਅਜੇ ਖਤਮ ਨਹੀਂ ਹੋਇਆ : ਕੈਪਟਨ ਦਾ ਸੁਖਬੀਰ ਬਾਦਲ ਨੂੰ ਜਵਾਬ