ਨਵੀਂ ਦਿੱਲੀ: ਦਿੱਲੀ ਪੁਲਿਸ 'ਚ ਕਾਂਸਟੇਬਲ ਦੇ ਅਹੁਦੇ 'ਤੇ ਤਾਇਨਾਤ ਰਾਸ਼ਟਰੀ ਪੱਧਰ ਦਾ ਨਿਸ਼ਾਨੇਬਾਜ਼ ਰਾਜੀਵ ਡਬਾਸ ਅੰਤਰਰਾਸ਼ਟਰੀ ਪੱਧਰ 'ਤੇ ਤਮਗਾ ਜਿੱਤਣਾ ਚਾਹੁੰਦਾ ਹੈ। ਉਸ ਨੇ ਹਾਲ ਹੀ ਵਿੱਚ ਭੋਪਾਲ ਵਿੱਚ ਹੋਏ ਰਾਸ਼ਟਰੀ ਪੱਧਰ ਦੇ ਪਿਸਟਲ ਨਿਸ਼ਾਨੇਬਾਜ਼ੀ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ ਹੈ। ਇਸ ਦੇ ਨਾਲ ਹੀ ਉਸ ਨੇ ਕੇਰਲ ਵਿੱਚ ਹਾਲ ਹੀ ਵਿੱਚ ਹੋਏ ਰਾਈਫਲ ਸ਼ੂਟਿੰਗ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਰਾਜੀਵ ਹੁਣ ਤੱਕ ਰਾਜ ਅਤੇ ਰਾਸ਼ਟਰੀ ਪੱਧਰ 'ਤੇ ਕੁੱਲ 18 ਮੈਡਲ ਹਾਸਲ ਕਰ ਚੁੱਕਾ ਹੈ। ਰਾਜੀਵ ਡਬਾਸ ਨੇ ਆਪਣੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਉਹ ਡਿਊਟੀ ਤੋਂ ਸਮਾਂ ਕੱਢ ਕੇ ਅਭਿਆਸ ਕਰਦਾ ਹੈ।
ਤਿਆਰੀ ਲਈ ਮਿਲਦਾ ਹੈ ਖੁੱਲ੍ਹਾ ਸਮਾਂ : ਉਨ੍ਹਾਂ ਆਪਣੀ ਸਫ਼ਲਤਾ ਵਿੱਚ ਸਾਬਕਾ ਆਈਪੀਐਸ ਅਧਿਕਾਰੀ ਦੀਪਕ ਮਿਸ਼ਰਾ ਦਾ ਵੱਡਾ ਯੋਗਦਾਨ ਦੱਸਦਿਆਂ ਕਿਹਾ ਕਿ ਉਹ ਚੈਂਪੀਅਨਸ਼ਿਪ ਦੀ ਤਿਆਰੀ ਲਈ ਉਨ੍ਹਾਂ ਨੂੰ ਖੁੱਲ੍ਹਾ ਸਮਾਂ ਦਿੰਦੇ ਹਨ। ਉਨ੍ਹਾਂ ਕਿਹਾ ਕਿ ਹਥਿਆਰਬੰਦ ਪੁਲਿਸ ਬਲ ਵਿੱਚ ਨਿਸ਼ਾਨੇਬਾਜ਼ੀ ਅਤੇ ਹੋਰ ਖੇਡਾਂ ਦੇ ਅਭਿਆਸ ਲਈ ਬਹੁਤ ਸਾਰੀਆਂ ਸਹੂਲਤਾਂ ਹਨ। ਜਿਸ ਨਾਲ ਖਿਡਾਰੀਆਂ ਨੂੰ ਕਾਫੀ ਮਦਦ ਮਿਲਦੀ ਹੈ। ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਹੁੰਦਾ ਇਸ ਲਈ ਵੀ ਅੱਗੇ ਆਉਣ ਵਾਲੇ ਸਮੇਂ ਵਿੱਚ ਜਿੱਤ ਹਾਸਿਲ ਹੁੰਦੀ ਹੈ।